ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 14 ਅਕਤੂਬਰ
ਫ਼ਿਰੋਜ਼ਪੁਰ ਪੁਲੀਸ ਨੇ ਇੱਕ ਤਸਕਰ ਨੂੰ ਕਾਬੂ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ ਪਾਕਿਸਤਾਨ ਦੀ ਸਰਹੱਦ ’ਤੇ ਨੌਂ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਹੈਰੋਇਨ ਦੀ ਕੀਮਤ 45 ਕਰੋੜ ਰੁਪਏ ਦੱਸੀ ਜਾਂਦੀ ਹੈ। ਸੀਨੀਅਰ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਤੇ ਏਐੱਸਆਈ ਰਾਜਿੰਦਰ ਪਾਲ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕ੍ਰਿਸ਼ਨ ਸਿੰਘ ਵਾਸੀ ਲਾਲੂ ਵਾਲਾ ਹੈਰੋਇਨ ਦੀ ਤਸਕਰੀ ਕਰਦਾ ਹੈ ਤੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ। ਮੁਲਜ਼ਮ ਕ੍ਰਿਸ਼ਨ ਨੇ ਹੁਣ ਵੀ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਹੋਈ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਕ੍ਰਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ’ਤੇ ਕੰਡਿਆਲੀ ਤਾਰ ਪਾਰਲੇ ਇਲਾਕੇ ਵਿੱਚ ਛੁਪਾ ਕੇ ਰੱਖੀ ਨੌਂ ਕਿੱਲੋ ਹੈਰੋਇਨ ਬਰਾਮਦ ਕਰ ਲਈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।