ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 31 ਅਕਤੂਬਰ
ਕਤਲ ਦੇ ਦੋ ਵੱਖ-ਵੱਖ ਮਾਮਲਿਆਂ ’ਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ 9 ਵਿਅਕਤੀਆਂ ਨੂੰ ਸੈਸ਼ਨਜ਼ ਅਦਾਲਤ ਫ਼ਤਹਿਗੜ੍ਹ ਸਾਹਿਬ ਵੱਲੋਂ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਮੰਡੀ ਗੋਬਿੰਦਗੜ੍ਹ ਦੀ ਪੁਲੀਸ ਵੱਲੋਂ ਸੁਭਾਸ਼ ਕੁਮਾਰ ਦੀ ਹੋਈ ਮੌਤ ਦੇ ਮਾਮਲੇ ’ਚ ਉੁਸ ਦੇ ਪਿਤਾ ਪ੍ਰਮੋਦ ਕੁਮਾਰ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਰਾਣੀ, ਰਾਣੀ ਦੇ ਕਥਿਤ ਦੋਸਤ ਅਕਸ਼ੇ ਕੁਮਾਰ ਉਰਫ ਗੋਲੂ, ਮ੍ਰਿਤਕ ਦੇ ਸਹੁਰੇ ਸਤੀਸ਼ ਕੁਮਾਰ ਅਤੇ ਸੱਸ ਗੀਤਾ ਵਿਰੁੱਧ 17 ਜੁਲਾਈ 2018 ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਗਵਾਹੀਆਂ ਨੂੰ ਨਾਕਾਫੀ ਮੰਨਦਿਆਂ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੀ ਅਦਾਲਤ ਨੇ ਨਾਮਜ਼ਦ ਕੀਤੇ ਚਾਰੇ ਵਿਅਕਤੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਮਾਮਲੇ ’ਚ ਬਰੀ ਕਰਨ ਦਾ ਹੁਕਮ ਸੁਣਾਇਆ।
ਇੱਕ ਹੋਰ ਵੱਖਰੇ ਮਾਮਲੇ ’ਚ ਬਰਾਸ ਪਿੰਡ ਦੇ ਅੱਡੇ ’ਚ ਮੀਟ ਦੀ ਦੁਕਾਨ ਕਰਨ ਵਾਲੇ ਤਰਸੇਮ ਸਿੰਘ ਵਾਸੀ ਪਿੰਡ ਬਰਾਸ ਦੀ ਸੂਏ ’ਚੋਂ ਮਿਲੀ ਲਾਸ਼ ਦੇ ਮਾਮਲੇ ’ਚ ਬਡਾਲੀ ਆਲਾ ਸਿੰਘ ਪੁਲੀਸ ਵੱਲੋਂ ਮਿਤੀ 26 ਜੁਲਾਈ 2020 ਨੂੰ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ, ਮ੍ਰਿਤਕ ਦੇ ਭਰਾ ਸੁਖਵਿੰਦਰ ਸਿੰਘ ਸੁੱਖਾ, ਅਜੈ, ਅਰਜੁਨ ਕੁਮਾਰ ਅਤੇ ਰਿਸ਼ੀ ਕਪੂਰ ਵਿਰੁੱਧ ਕਤਲ ਦਾ ਕੇਸ ਕੀਤਾ ਗਿਆ ਸੀ। ਇਸ ਕੇਸ ਵਿੱਚ ਵੀ ਐਡੀਸ਼ਨਲ ਸੈਸ਼ਜ ਜੱਜ ਬਲਵਿੰਦਰ ਕੁਮਾਰ ਦੀ ਅਦਾਲਤ ਨੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰਨ ਦਾ ਹੁਕਮ ਸੁਣਾਇਆ ਹੈ।