ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਫਰਵਰੀ
ਨਿਹੰਗ ਸਿੰਘਾਂ ਵੱਲੋਂ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਦੇ ਮਸਲੇ ਸਬੰਧੀ ਦਿੱਲੀ ਦੀ ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ, ਇਸੇ ਦੌਰਾਨ ਨਿਹੰਗਾਂ ਨੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਮੌਕੇ ਸਥਿਤੀ ਕਾਫੀ ਤਣਾਅ ਵਾਲੀ ਬਣੀ ਰਹੀ। ਦੱਸਣਯੋਗ ਹੈ ਕਿ ਅੱਜ ਭਗਵੰਤ ਮਾਨ ਨੇ ਰੋਡ ਸ਼ੋਅ ਕਰਦਿਆਂ ਸਥਾਨਕ ਖੰਡਾ ਚੌਕ ਵਿੱਚੋਂ ਦੀ ਲੰਘਣਾ ਸੀ। ਇਸ ਮੌਕੇ ਨਿਹੰਗ ਸਿੰਘਾਂ ਨੇ ਕਾਲੀਆਂ ਝੰਡੀਆਂ ਲੈ ਕੇ ਥਾਣਾ ਚੌਕ ਤੋਂ ਖੰਡਾ ਚੌਕ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਪਰ ਖੰਡਾ ਚੌਕ ਪੁੱਜਣ ਤੋਂ ਪਹਿਲਾਂ ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਸਾਹੀਵਾਲ ਦੀ ਅਗਵਾਈ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੇਟ ਕੋਲ ਬਿਠਾ ਦਿੱਤਾ ਪਰ ਇਸ ਦੇ ਬਾਵਜੂਦ ਨਿਹੰਗਾਂ ਨੇ ਖੰਡਾ ਚੌਕ ਪਹੁੰਚ ਕੇ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ।
ਨਿਹੰਗਾਂ ਨੇ ਕਿਹਾ ਕਿ ਭਗਵੰਤ ਮਾਨ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਿਰੋਧ ਨਹੀਂ ਹੈ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਮੁੱਖ ਤੌਰ ’ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਅੜਿੱਕਾ ਬਣੀ ਹੋਈ ਹੈ ਅਤੇ ਭਗਵੰਤ ਮਾਨ ਇਸ ਮਸਲੇ ’ਤੇ ਬਿਲਕੁਲ ਚੁੱਪ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇੱਕ ਸਿੱਖ ਲੜਕੀ ਦੀ ਹੋਈ ਬੇਪਤੀ ਦੇ ਮਾਮਲੇ ’ਤੇ ਵੀ ਭਗਵੰਤ ਮਾਨ ਨੇ ਚੁੱਪੀ ਧਾਰੀ ਰੱਖੀ। ਇਸੇ ਕਾਰਨ ਅੱਜ ਉਨ੍ਹਾਂ ਨੂੰ ਸੰਗਤਾਂ ਦੇ ਰੋਸ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ‘ਆਪ’ ਨੂੰ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।