ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਨਾਲ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿਚ ਰਾਤ ਦਾ ਕਰਫ਼ਿਊ ਪਹਿਲੀ ਜਨਵਰੀ, 2021 ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਦਿੱਲੀ ਵਿਚ ਕੇਸਾਂ ਦੀ ਵਧੀ ਗਿਣਤੀ ਤੋਂ ਖਤਰੇ ਦੇ ਮੱਦੇਨਜ਼ਰ ਉਥੋਂ ਵਾਪਸ ਆਉਣ ਵਾਲੇ ਕਿਸਾਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ। ਇਸੇ ਤਰ੍ਹਾਂ ਵਿਆਹਾਂ ਤੇ ਪਾਰਟੀਆਂ ਦੌਰਾਨ ਕੋਵਿਡ ਦੀਆਂ ਰੋਕਾਂ ਦੀ ਵੱਡੀ ਪੱਧਰ ’ਤੇ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਮੁੱਖ ਮੰਤਰੀ ਨੇ ਸੂਬੇ ਵਿੱਚ ਪਹਿਲੀ ਜਨਵਰੀ, 2021 ਤੱਕ ਇਨਡੋਰ ਅਤੇ ਆਊਟਡੋਰ ਇਕੱਠਾਂ ਵਿਚ ਲੋਕਾਂ ਦੀ ਗਿਣਤੀ ਕ੍ਰਮਵਾਰ 100 ਅਤੇ 250 ਤੱਕ ਰੱਖਣ ਦੇ ਹੁਕਮ ਦਿੱਤੇ ਹਨ। ਉਲੰਘਣਾ ਦੀ ਸੂਰਤ ਵਿੱਚ ਮੇਜ਼ਬਾਨ ’ਤੇ ਜੁਰਮਾਨਾ ਲਾਉਣ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਅੱਜ ਕੋਵਿਡ ਦੇ ਜਾਇਜ਼ੇ ਲਈ ਉੱਚ ਪੱਧਰੀ ਮੀਟਿੰਗ ਦੌਰਾਨ ਸਹਿ-ਰੋਗਾਂ ਤੋਂ ਪੀੜਤ 70 ਸਾਲ ਤੋਂ ਵੱਧ ਉਮਰ ਦੇ ਪਾਜ਼ੇਟਿਵ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਖ਼ਤਮ ਕਰਨ ਦੇ ਹੁਕਮ ਵੀ ਦਿੱਤੇ ਹਨ, ਬਸ਼ਰਤੇ ਕਿ ਘਰ ਵਿੱਚ ਢੁੱਕਵੀਆਂ ਮੈਡੀਕਲ ਸਹੂਲਤਾਂ ਮੁਹੱਈਆ ਹੋ ਸਕਦੀਆਂ ਹੋਣ। ਵਰਚੁਅਲ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੋਵਿਡ ਮੌਤਾਂ ਘਰੇਲੂ ਏਕਾਂਤਵਾਸ ਕੇਸਾਂ ਵਿੱਚੋਂ ਸਾਹਮਣੇ ਆਈਆਂ ਹਨ। ਪੰਜਾਬ ਸਰਕਾਰ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਸਹੂਲਤਾਂ ਦੀ ਘਾਟ ਵਾਲੇ ਹਸਪਤਾਲਾਂ ਨੂੰ ਮਰੀਜ਼ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦੇਣਾ ਚਾਹੀਦਾ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਵਿੱਚ ਘੱਟ ਰਹੀ ਪਾਜ਼ੇਟਿਵ ਦਰ ਸਵਾਗਤਯੋਗ ਹੈ ਪਰ ਮੌਤ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਰਟੀਪੀਸੀਆਰ ਸੈਂਪਲਿੰਗ/ਟੈਸਟਿੰਗ ਦਰ ਪ੍ਰਤੀ ਦਿਨ 30,000 ਦੀ ਸੀਮਾ ਬਰਕਰਾਰ ਰੱਖਣ ਲਈ ਆਖਿਆ ਅਤੇ ਸੰਭਾਵੀ ਤੌਰ ’ਤੇ ਕਰੋਨਾ ਫੈਲਾਉਣ ਵਾਲਿਆਂ ਨੂੰ ਸ਼ਾਮਲ ਕਰਨ ਲਈ ਟੀਚਾਗਤ ਸੈਂਪਲਿੰਗ ’ਤੇ ਹੋਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਨੂੰ ‘ਇਤਿਹਾਸ’ ਪੋਰਟਲ ਦੀ ਪੂਰੀ ਵਰਤੋਂ ਕਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਕੈਪਟਨ ਨੇ ਕੰਟੇਨਮੈਂਟ ਅਤੇ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਵਿੱਚ ਟੈਸਟਿੰਗ ਵਧਾਉਣ ਅਤੇ 100 ਫੀਸਦੀ ਸੈਪਲਿੰਗ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਟੀਕਾਕਰਨ ਦੀ ਤਿਆਰੀ
ਮੁੱਖ ਮੰਤਰੀ ਨੇ ਸੂਬੇ ਦੇ 729 ਕੋਲਡ ਚੇਨ ਪੁਆਇੰਟਾਂ ਨਾਲ ਕੋਵਿਡ ਵੈਕਸੀਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਮੱਦੇਨਜ਼ਰ ਅੱਜ ਸਿਹਤ ਵਿਭਾਗ ਨੂੰ ਵੈਕਸੀਨ ਦੀ ਵਰਤੋਂ ਲਈ ਸੂਬੇ ਦੀ ਰਣਨੀਤੀ ਵਿਚ ਦੂਜੇ ਸੀਰੋ ਸਰਵੇਖਣ ਦੇ ਨਤੀਜੇ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉੱਚ-ਜੋਖ਼ਮ ਵਾਲੀ ਆਬਾਦੀ ਨੂੰ ਤਰਜੀਹੀ ਆਧਾਰ ’ਤੇ ਕਵਰ ਕੀਤਾ ਜਾ ਸਕੇ। ਪੰਜਾਬ ਵਿੱਚ ਵੈਕਸੀਨ ਦੀ ਵੰਡ ਲਈ ਇੱਕ ਸੂਬਾ-ਪੱਧਰੀ ਵੈਕਸੀਨ ਸਟੋਰ, 22 ਜ਼ਿਲ੍ਹਾ ਪੱਧਰੀ ਵੈਕਸੀਨ ਸਟੋਰ ਅਤੇ 127 ਬਲਾਕ ਪੱਧਰੀ ਵੈਕਸੀਨ ਸਟੋਰ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ 570 ਕੋਲਡ ਚੇਨ ਪੁਆਇੰਟ ਹੋਣਗੇ।
ਦੂਜੇ ਸੀਰੋ ਸਰਵੇਖਣ ਵਿਚ ਸੂਬੇ ’ਚ 24.19 ਫੀਸਦ ਵਸੋਂ ਪਾਜ਼ੇਟਿਵ
ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਕਰਵਾਏ ਗਏ ਦੂਜੇ ਸੀਰੋ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 24.19 ਫੀਸਦੀ ਵਸੋਂ ਕਰੋਨਾ ਪਾਜ਼ੇਟਿਵ ਹੋ ਚੁੱਕੀ ਹੈ। ਚੋਣਵੇਂ ਜ਼ਿਲ੍ਹਿਆਂ ਅਤੇ ਆਬਾਦੀ ਦੇ ਕੀਤੇ ਗਏ ਸਰਵੇਖਣ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਕੁੱਲ 4678 ਲੋਕਾਂ ਦੇ ਖੂਨ ਦੇ ਨਮੂਨੇ ਵੀ ਲਏ ਗਏ ਹਨ। ਇਨ੍ਹਾਂ ਵਿੱਚੋਂ 1201 ਵਿਅਕਤੀਆਂ ਵਿਚ ਆਈਜੀਜੀ ਰਿਐਕਟਿਵ (ਐਂਟੀਬੌਡੀ) ਪਾਏ ਗਏ ਜਿਨ੍ਹਾਂ ਵਿੱਚੋਂ ਸਿਰਫ 4.03 ਫੀਸਦੀ ਵਿੱਚ ਲੱਛਣ ਪਾਏ ਗਏ ਜਦਕਿ 95.9 ਫੀਸਦੀ ਲੱਛਣਾਂ ਤੋਂ ਰਹਿਤ ਮਿਲੇ। ਸ਼ਹਿਰੀ ਇਲਾਕਿਆਂ ਵਿੱਚ 30.5 ਫੀਸਦੀ ਪਾਜ਼ੇਟਿਵ ਦਰ ਜਦਕਿ ਪੇਂਡੂ ਇਲਾਕਿਆਂ ਵਿੱਚ 21.0 ਫੀਸਦੀ ਪਾਜ਼ੇਟਿਵ ਦਰ ਪਾਈ ਗਈ।