ਦਵਿੰਦਰ ਪਾਲ
ਚੰਡੀਗੜ੍ਹ, 1 ਮਈ
ਪੰਜਾਬ ’ਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਸਰਕਾਰ ਨੇ ਸੂਬੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਅਤੇ ਹਫ਼ਤਾਵਾਰੀ ਲੌਕਡਾਉਣ 15 ਮਈ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰਫਿਊ ਦੌਰਾਨ ਜ਼ਰੂਰੀ ਕੰਮ ਲਈ ਆਵਾਜਾਈ ਕੀਤੀ ਜਾ ਸਕੇਗੀ ਜਦਕਿ ਗੈਰ ਜ਼ਰੂਰੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸੂਬੇ ਵਿੱਚ ਜਨਤਕ ਟਰਾਂਸਪੋਰਟ (ਬੱਸ, ਟੈਕਸੀ ਅਤੇ ਤਿੰਨ-ਪਹੀਆ ਵਾਹਨ) ਵੀ 50 ਫ਼ੀਸਦ ਸਵਾਰੀਆਂ ਨਾਲ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰੀ ਬੁਲਾਰੇ ਅਨੁਸਾਰ ਸੂਬੇ ਵਿਚਲੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਵਿਮਿੰਗ ਪੂਲ, ਖੇਡ ਕੰਪਲੈਕਸ ਵੀ 15 ਮਈ ਤੱਕ ਬੰਦ ਰਹਿਣਗੇ।
ਦਵਾਈ, ਡੇਅਰੀ, ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ
ਸੂਬਾ ਸਰਕਾਰ ਵੱਲੋਂ ਲਗਾਏ ਗਏ ਰਾਤ ਦੇ ਕਰਫਿਊ ਅਤੇ ਹਫ਼ਤਾਵਾਰੀ ਲੌਕਡਾਊਨ ਦੌਰਾਨ ਦਵਾਈਆਂ, ਡੇਅਰੀ, ਸਬਜ਼ੀ ਅਤੇ ਫਲਾਂ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਨਿਰਮਾਣ ਕਾਰਜ ਜਾਰੀ ਰਹਿਣਗੇ ਅਤੇ ਖੇਤੀਬਾੜੀ, ਪਸ਼ੂ ਪਾਲਣ ਦੇ ਕੰਮਕਾਜ ਨੂੰ ਵੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੈਲੀ ਕਮਿਊਨੀਕੇਸ਼ਨ, ਇੰਟਰਨੈੱਟ ਸੇਵਾਵਾਂ, ਕੇਬਲ ਸਰਵਿਸ, ਪੈਟਰੋਲ ਪੰਪ, ਐੱਲਪੀਜੀ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ।