ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਬੁਲਾਰੇ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਰਾਜ ਸੂਚਨਾ ਕਮਿਸ਼ਨਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨਿਧੜਕ ਸਿੰਘ ਬਰਾੜ ਨੇ ਅਕਾਲੀਆਂ ਨੂੰ ਛੱਡ ਢੀਂਡਸਾ ਦਾ ਝੰਡਾ ਚੁੱਕ ਲਿਆ ਹੈ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨਿਧੜਕ ਸਿੰਘ ਬਰਾੜ ਦਾ ਸਵਾਗਤ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੇ ਕਬਜ਼ੇ ਵਿਚੋਂ ਮੁਕਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪਰਿਵਾਰਕ ਮੋਹ ਖ਼ਾਤਰ ਅਕਾਲੀ ਦਲ ਦੇ ਸਿਧਾਂਤਾਂ ਦੀ ਬਲੀ ਦੇ ਦਿੱਤੀ। ਇਸ ਲਈ ਸੂਬੇ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਸ੍ਰੀ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹ ਐੱਸਜੀਪੀਸੀ ਪ੍ਰਬੰਧ ਅਤੇ ਪੰਥ ਪ੍ਰਤੀ ਚੰਗੀ ਧਾਰਮਿਕ ਸੋਚ ਰੱਖਣ ਅਤੇ ਵਧੀਆ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣਗੇ। ਉਨ੍ਹਾਂ ਕਿਹਾ ਕਿ ਜਲਦੀ ਪਾਰਟੀ ਦਾ ਗਠਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਸ਼ਾਮਲ ਕੀਤੇ ਹੋਰ ਅਕਾਲੀ ਅੰਦਰੂਨੀ ਤੌਰ ਉੱਤੇ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਸਮਾਂ ਆਉਣ ਉੱਤੇ ਕਈ ਹੋਰ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਉਨ੍ਹਾਂ ਦਾ ਸਾਥ ਦੇਣਗੇ। ਸ੍ਰੀ ਬਰਾੜ ਨੇ ਕਿਹਾ ਕਿ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਾਰਨ ਮਨ ਨੂੰ ਵੱਡੀ ਠੇਸ ਪੁੱਜੀ ਸੀ ਪਰ ਉਹ ਪ੍ਰਸ਼ਾਸਨਿਕ ਅਹੁਦੇ ਉੱਤੇ ਹੋਣ ਕਰਕੇ ਕੁਝ ਬੋਲ ਨਹੀਂ ਸਨ ਸਕੇ। ਉਹ ਅਕਾਲੀ ਦਲ ’ਚ ਆਏ ਨਿਘਾਰ ਖ਼ਿਲਾਫ਼ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਗੇ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ, ਜਰਨੈਲ ਸਿੰਘ ਰਾਮਾ, ਜਗਰੂਪ ਸਿੰਘ, ਅਜਾਇਬ ਸਿੰਘ ਹਾਜ਼ਰ ਸਨ।