ਨਵੀਂ ਦਿੱਲੀ, 2 ਜਨਵਰੀ
ਜਰਮਨੀ ਸਥਿਤ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਹਾਲ ਹੀ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦਾ ਕੇਸ ਦਰਜ ਕਰਨ ਵਾਲੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸੰਕੇਤ ਦਿੱਤਾ ਹੈ ਕਿ ਉਹ ਉਸ ਦੀ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦੇ ਮਾਮਲੇ ਵਿੱਚ ਜਾਂਚ ਕਰੇਗੀ। ਐਨਆਈਏ ਦੇ ਸੂਤਰ ਨੇ ਦੱਸਿਆ ਕਿ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ। ਆਈਐੱਸਆਈ ਦੀ ਹਮਾਇਤ ਪ੍ਰਾਪਤ ਪਾਕਿਸਤਾਨ ਸਥਿਤ ਅਤਿਵਾਦੀ ਇਸ ‘ਚ ਸ਼ਾਮਲ ਹਨ ਤੇ ਜਸਵਿੰਦਰ ਉਨ੍ਹਾਂ ਦੇ ਸੰਪਰਕ ‘ਚ ਹੈ। ਉਸ ਦਾ ਇਕ ਭਾਰਤੀ ਸੰਪਰਕ ਵੀ ਹੈ, ਜਿਸ ਨੂੰ ਤਸਕਰੀ ਵਾਲੇ ਹਥਿਆਰ, ਵਿਸਫੋਟਕ ਅਤੇ ਨਸ਼ੀਲੇ ਪਦਾਰਥ ਮਿਲਦੇ ਹਨ। ਪਿਛਲੇ ਸਾਲ ਪੰਜਾਬ ਅਤੇ ਜੰਮੂ ਦੀ ਸਰਹੱਦ ‘ਤੇ 70 ਡਰੋਨ ਦੇਖੇ ਗਏ। ਇਨ੍ਹਾਂ ਡਰੋਨਾਂ ਦੀ ਵਰਤੋਂ ਪਾਕਿਸਤਾਨ ਸਥਿਤ ਤੱਤਾਂ ਵੱਲੋਂ ਭਾਰਤ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਕੀਤੀ ਜਾਂਦੀ ਹੈ। ਬੀਐੱਸਐੱਫ ਨੇ ਕੁਝ ਡਰੋਨਾਂ ਨੂੰ ਡੇਗ ਦਿੱਤਾ।