ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ’ਤੇ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਅਤੇ ਭਾਰਤੀ ਤਿਰੰਗੇ ਦੀ ਬੇਅਦਬੀ ਮਾਮਲੇ ਦੀ ਐੱਨਆਈਏ ਟੀਮ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁੱਖ ਮੁਲਜ਼ਮ ਰਿਮਾਂਡ ’ਤੇ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਹਨ। ਇੱਥੇ ਸੀਆਈਏ ਸਟਾਫ਼ ਵਿਖੇ ਐੱਨਆਈਏ ਇੰਸਪੈਕਟਰ ਅਮਰੀਸ਼ ਕੁਮਾਰ ਦੀ ਅਗਵਾਈ ਹੇਠ 3 ਮੈਂਬਰੀ ਟੀਮ ਨੇ ਤਕਨੀਕੀ ਢੰਗ ਨਾਲ ਮੁੱਖ ਮੁਲਜ਼ਮਾਂ ਇੰਦਰਜੀਤ ਸਿੰਘ ਗਿੱਲ ਅਤੇ ਜਸਪਾਲ ਸਿੰਘ ਉਰਫ਼ ਰਿੰਪਾਂ ਕੋਲੋਂ ਉਨ੍ਹਾਂ ਦੇ ਐੱਸਐੱਫਜੇ ਅਤੇ ਹੋਰ ਦੇਸ਼ ਵਿਰੋਧੀ ਤਾਕਤਾਂ ਨਾਲ ਸੰਪਰਕ ਜਾਨਣ ਲਈ ਲਗਾਤਾਰ ਕਰੀਬ 8 ਘੰਟੇ ਪੁੱਛ-ਪੜਤਾਲ ਕੀਤੀ। ਇਸ ਮੌਕੇ ਸੀਨੀਅਰ ਪੁਲੀਸ ਅਧਿਕਾਰੀ ਤੇ ਜਾਂਚ ਨਾਲ ਜੁੜੇ ਅਧਿਕਾਰੀ ਵੀ ਮੌਜੂਦ ਰਹੇ। ਕੌਮੀ ਜਾਂਚ ਏਜੰਸੀ(ਐੱਨਆਈਏ) ਨੂੰ ਤਫ਼ਤੀਸ਼ੀ ਮਿਸਲ ਸੌਪਣ ਲਈ ਸਥਾਨਕ ਪੁਲੀਸ ਅਧਿਕਾਰੀ ਹੁਣ ਤੱਕ ਦੀ ਤਫ਼ਤੀਸ਼ ਦੀ ਲਿਖਤ ਮੁਕੰਮਲ ਕਰਨ ’ਚ ਜੁਟੇ ਹੋਏ ਹਨ ਕਿਉਂਕਿ ਮੁਲਜਮ 10 ਸਤੰਬਰ ਤੱਕ ਪੰਜਾਬ ਪੁਲੀਸ ਕੋਲ ਰਿਮਾਂਡ ਉੱਤੇ ਹਨ। ਦੂਜੇ ਪਾਸੇ ਐੱਸਐੱਫਜੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਵਾਇਰਲ ਹੋਈ ਵੀਡੀਓ ’ਚ ਉਨ੍ਹਾਂ ਦਾਅਵਾ ਕੀਤਾ ਕਿ ਜੇ ਕਿਸੇ ਨੇ ਝੰਡਾ ਚੜ੍ਹਾਇਆ ਉਸ ਨੂੰ ਅਸੀਂ ਪੈਸੇ ਦਿੱਤੇ ਹਨ, ਉਹ ਉਨ੍ਹਾਂ ਦੀ ਭੇਟਾ ਸੀ।