ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਸਤੰਬਰ
ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਅੱਜ ਪੰਜਾਬ ਵਿਚ ਵੱਖ-ਵੱਖ ਥਾਈਂ ਗੈਂਗਸਟਰਾਂ ਦਾ ਨੈਟਵਰਕ ਜਾਂਚਣ ਲਈ ਛਾਪੇ ਮਾਰੇ। ਕੌਮੀ ਟੀਮ ਨੇ ਇਸ ਮੁਹਿੰਮ ਵਿਚ ਪੰਜਾਬ ਪੁਲੀਸ ਦਾ ਵੀ ਸਹਿਯੋਗ ਲਿਆ ਤੇ ਇਹ ਛਾਪੇ ਸੁਵਖਤੇ ਮਾਰੇ ਗਏ। ਜਾਂਚ ਟੀਮਾਂ ਨੇ ਰੇਡ ਜਾਰੀ ਰਹਿਣ ਤਕ ਮੀਡੀਆ ਤੇ ਪਿੰਡ ਵਾਸੀਆਂ ਨੂੰ ਘਰ ਦੇ ਨੇੜੇ ਵੀ ਨਹੀਂ ਖੜ੍ਹਨ ਦਿੱਤਾ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕੌਮੀ ਜਾਂਚ ਏਜੰਸੀ ਐੱਨਆਈਏ ਨੇ ਅੱਜ ਇੱਥੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਅਤੇ ਸ਼ੁਭਮ ਸਿੰਘ ਦੇ ਘਰ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਹੈ ਕਿ ਇਸ ਦੌਰਾਨ ਸ਼ੁਭਮ ਸਿੰਘ ਦੇ ਘਰ ਤਾਲਾ ਲੱਗਾ ਹੋਇਆ ਸੀ। ਜਾਂਚ ਟੀਮ ਨੇ ਦੂਜੇ ਵਿਅਕਤੀ ਸੋਨੂੰ ਕੰਗਲਾ ਦੇ ਘਰ ਜਾਂਚ ਕੀਤੀ ਹੈ। ਇਹ ਵਿਅਕਤੀ ਇਸ ਵੇਲੇ ਜੇਲ੍ਹ ਵਿੱਚੋਂ ਜ਼ਮਾਨਤ ਤੇ ਰਿਹਾਅ ਹੋ ਕੇ ਬਾਹਰ ਆਇਆ ਹੋਇਆ ਹੈ ਅਤੇ ਇਸ ਵੇਲੇ ਇਕ ਧਾਰਮਿਕ ਸੰਗਠਨ ਨਾਲ ਜੁੜਿਆ ਹੋਇਆ ਹੈ। ਉਸ ਖ਼ਿਲਾਫ਼ ਲਗਪਗ 20 ਅਪਰਾਧਕ ਮਾਮਲੇ ਦਰਜ ਹਨ । ਉਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਦੱਸਿਆ ਗਿਆ ਹੈ। ਜਾਂਚ ਟੀਮ ਨੇ ਸੋਨੂੰ ਕੰਗਲਾ ਦੀ ਮਾਂ ਦਲਬੀਰ ਕੌਰ ਕੋਲੋਂ ਪੁੱਛ ਪੜਤਾਲ ਕੀਤੀ ਹੈ।
ਲੁਧਿਆਣਾ (ਟਨਸ): ਐੱਨਆਈਏ ਦੀ ਟੀਮ ਦੋਰਾਹਾ ਦੇ ਪਿੰਡ ਰਾਜਗੜ੍ਹ ਸਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਵੀ ਦੇ ਘਰ ਪੁੱਜੀ ਤੇ ਜਗਰਾਉਂ ਦੇ ਨਾਲ ਨਾਲ ਬਹਾਦਰ ਕੇ ਰੋਡ ਸਥਿਤ ਤਜਿੰਦਰਪਾਲ ਸਿੰਘ ਤੇ ਮੇਹਰਬਾਨ ਦੇ ਹਰਵਿੰਦਰ ਸਿੰਘ ਉਰਫ਼ ਗੁਗਨੀ ਦੇ ਘਰ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ ਕਾਗਜ਼ਾਤ ਬਰਾਮਦ ਕੀਤੇ ਤੇ ਪਰਿਵਾਰ ਵਾਲਿਆਂ ਤੋਂ ਕਈ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ। ਸੂਤਰ ਦੱਸਦੇ ਹਨ ਕਿ ਐਨਆਈਏ ਦੀ ਟੀਮ ਦੇ ਅਧਿਕਾਰੀਆਂ ਨੇ ਸਾਰਿਆਂ ਤੋਂ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ ਉਨ੍ਹਾਂ ਦੇ ਮੋਬਾਈਲ ਨੰਬਰਾਂ ਦੇ ਨਾਲ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਪਤੇ ਤੇ ਮੋਬਾਈਲ ਨੰਬਰ ਵੀ ਨੋਟ ਕੀਤੇ। ਟੀਮ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਵੀ ਦੇ ਘਰ ਪੁੱਜੀ। ਇਸ ਤੋਂ ਇਲਾਵਾ ਐਨਆਈਏ ਨੇ ਜਗਰਾਉਂ ਦੇ ਪਿੰਡ ਡੱਲਾ ਦੇ ਰਹਿਣ ਵਾਲੇ ਗੁਰਮਿਲਾਪ ਸਿੰਘ ਦੇ ਘਰ ਛਾਪਾ ਮਾਰਿਆ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਐਨਆਈਏ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੇ ਗੈਂਗਸਟਰ ਗੋਲਡੀ ਬਰਾੜ ਦੀ ਇਥੇ ਕੋਟਕਪੂਰਾ ਰੋਡ, ਆਦੇਸ਼ ਹਸਪਤਾਲ ਦੇ ਨੇੜੇ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ। ਉਨ੍ਹਾਂ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਜੋ ਸਾਬਕਾ ਪੁਲੀਸ ਅਧਿਕਾਰੀ ਹੈ, ਪਾਸੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ ਤੇ ਜਾਂਦੇ ਹੋਏ ਕੁਝ ਦਸਤਾਵੇਜ਼ ਵੀ ਨਾਲ ਲੈ ਗਏ।
ਤਰਨ ਤਾਰਨ (ਪੱਤਰ ਪ੍ਰੇਰਕ): ਕੌਮੀ ਜਾਂਚ ਏਜੰਸੀ ਦੀ ਟੀਮ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਹਰੀਕੇ ਸਥਿਤ ਘਰ ਗਈ ਜਿੱਥੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਲੰਡਾ ਇਸ ਵੇਲੇ ਕੈਨੇਡਾ ਰਹਿ ਰਿਹਾ ਹੈ ਤੇ ਉਸ ਦੇ ਬਿਰਧ ਮਾਪੇ ਘਰ ਨਹੀਂ ਸਨ| ਇਸ ਦੇ ਨਾਲ ਹੀ ਏਜੰਸੀ ਦੀ ਟੀਮ ਥਾਣਾ ਸਰਹਾਲੀ ਅਧੀਨ ਪਿੰਡ ਕਲੇਰ (ਬਨਵਾਲੀਪੁਰ) ਦੇ ਵਾਸੀ ਰੋਸ਼ਨ ਸਿੰਘ ਦੇ ਘਰ ਵੀ ਗਈ| ਰੋਸ਼ਨ ਸਿੰਘ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਪਰ ਉਸ ਦੇ ਮਾਪੇ ਤੇ ਛੋਟਾ ਭਰਾ ਵਿਦੇਸ਼ ਰਹਿੰਦੇ ਹਨ। ਘਰ ਵਿੱਚ ਉਸ ਦੀ ਬਿਰਧ ਦਾਦੀ ਸੀ। ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਲਈ।
ਬਟਾਲਾ (ਖੇਤਰੀ ਪ੍ਰਤੀਨਿਧ): ਐਨਆਈਏ ਦੀ ਇੱਕ ਟੀਮ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਪਿੰਡ ਭਗਵਾਨਪੁਰ ਵਿੱਚ ਛਾਪਾ ਮਾਰਿਆ ਅਤੇ ਕਈ ਘੰਟੇ ਤਲਾਸ਼ੀ ਲਈ। ਅੱਜ ਸਵੇਰੇ ਹੀ ਐੱਨਆਈਏ ਟੀਮ ਦੇ ਪੰਜ ਮੈਂਬਰ ਭਾਰੀ ਪੁਲੀਸ ਫੋਰਸ ਨਾਲ ਪਿੰਡ ਭਗਵਾਨਪੁਰ ਪੁੱਜੇ ਤੇ ਪੰਜ ਘੰਟੇ ਤਲਾਸ਼ੀ ਲਈ। ਇਸ ਮੌਕੇ ਟੀਮ ਨੇ ਕਈ ਕਾਗਜ਼ਾਤ ਵੀ ਜ਼ਬਤ ਕੀਤੇ। ਜੱਗੂ ਦੀ ਮਾਤਾ ਹਰਜੀਤ ਕੌਰ ਨੇ ਦੱਸਿਆ ਕਿ ਐਨਆਈਏ ਦੇ ਅਧਿਕਾਰੀ ਉਸ ਦੇ ਘਰ ਵਿੱਚ ਰੱਖੀ ਇੱਕ ਪੈਨ ਡਰਾਈਵ, ਦੋ ਮੋਬਾਈਲ ਫੋਨ, ਬੈਂਕ ਦੀਆਂ ਕਾਪੀਆਂ ਅਤੇ ਕੁਝ ਹੋਰ ਕਾਗਜ਼ਾਤ ਆਪਣੇ ਨਾਲ ਲੈ ਗਏ।
ਕੋਟਕਪੂਰਾ (ਪੱਤਰ ਪ੍ਰੇਰਕ): ਕੌਮੀ ਸੁਰੱਖਿਆ ਏਜੰਸੀ ਨੇ ਕੋਟਕਪੂਰੇ ਦੇ ਪੁਰਾਣਾ ਸ਼ਹਿਰ ਇਲਾਕੇ ਵਿਚ ਅਕਾਲੀਆਂ ਦੀ ਚੱਕੀ ਦੇ ਸਾਹਮਣੇ ਸਪੇਅਰ ਪਾਰਟਸ ਗੁਦਾਮ ਤੇ ਮਾਲਕ ਦੇ ਘਰ ਦੀ ਤਲਾਸ਼ੀ ਲਈ। ਦੂਜੀ ਟੀਮ ਨੇ ਗੈਂਗਸਟਰ ਮਰਹੂਮ ਲਵੀ ਦਿਓੜਾ ਦੇ ਘਰ ਛਾਪਾ ਮਾਰ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਤੀਜੀ ਟੀਮ ਫਿਰੋਜ਼ਪੁਰ ਜੇਲ੍ਹ ਵਿਚ ਦਮ ਤੋੜ ਗਏ ਗੈਂਗਸਟਰ ਭਾਰਤ ਭੂਸ਼ਨ ਉਰਫ ਭੋਲਾ ਸ਼ੂਟਰ ਦੇ ਘਰ ਪਹੁੰਚੀ ਪਰ ਇੱਥੇ ਘਰ ਦੇ ਬਾਹਰ ਤਾਲਾ ਲੱਗਾ ਵੇਖ ਕੇ ਟੀਮ ਪਰਤ ਆਈ।
ਲਾਲੜੂ (ਪੱਤਰ ਪ੍ਰੇਰਕ): ਕੇਂਦਰੀ ਜਾਂਚ ਏਜੰਸੀ ਵਲੋਂ ਅੱਜ ਪਿੰਡ ਜੋਧਪੁਰ ਵਿਚ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਦੇ ਘਰ ਛਾਪਾ ਮਾਰਿਆ ਅਤੇ ਪਰਿਵਾਰ ਪਾਸੋਂ ਕਰੀਬ ਇਕ ਘੰਟਾ ਤੱਕ ਪੁੱਛ ਪੜਤਾਲ ਕੀਤੀ ਗਈ। ਰਾਣਾ ਇਸ ਸਮੇਂ ਵੱਖ-ਵੱਖ ਕੇਸਾਂ ਅਧੀਨ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਪਟਿਆਲਾ/ਘਨੌਰ (ਪੱਤਰ ਪ੍ਰੇਰਕ): ਕੌਮੀ ਜਾਂਚ ਏਜੰਸੀ (ਐਨਆਈਏ) ਦੀ ਇੱਕ ਟੀਮ ਨੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਖੇਤਰ ਵਿਚਲੇ ਪਿੰਡ ਮੰਜੌਲੀ ਵਾਸੀ ਨੌਜਵਾਨ ਦੇ ਘਰ ਪੁੱਜ ਕੇ ਕਈ ਘੰਟੇ ਪੜਤਾਲ ਕੀਤੀ। ਏਜੰਸੀ ਦੀ ਟੀਮ ਅੱਜ ਸਵੇਰੇ ਸੱੱਤ ਵਜੇ ਤੋਂ ਪਹਿਲਾਂ ਹੀ ਮੰਜੌਲੀ ਵਾਸੀ ਗੁਰਸੇਵਕ ਸਿੰਘ ਦੇ ਘਰ ਪੁੱਜ ਗਈ ਸੀ। ਉਸ ਦੇ ਘਰ ’ਚ ਹੀ ਦੁਪਹਿਰ ਤੱਕ ਪੜਤਾਲ ਕੀਤੀ ਘਨੌਰ ਦੇ ਡੀਐੱਸਪੀ ਰਘਬੀਰ ਸਿੰਘ ਨੇ ਐਨਆਈਏ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ।