ਗੁਰਬਖਸ਼ਪੁਰੀ/ਤੇਜਿੰਦਰ ਸਿੰਘ ਖਾਲਸਾ
ਤਰਨ ਤਾਰਨ, 20 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਸਬਾ ਚੋਹਲਾ ਸਾਹਿਬ ਦੇ ਇੱਕ ਕਾਰੋਬਾਰੀ ਅੰਮ੍ਰਿਤਪਾਲ ਸਿੰਘ ਵਾਸੀ ਕਰਮੂੰਵਾਲਾ ਦੀ ਰਿਹਾਇਸ਼ ਅਤੇ ਦਫ਼ਤਰ ’ਤੇ ਛਾਪੇ ਮਾਰੇ, ਜਿਸ ਦੌਰਾਨ ਕਾਰੋਬਾਰੀ ਦੇ ਘਰੋਂ 1.3 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਐੱਸਐੱਸਪੀ ਰਣਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਦਫ਼ਤਰ ਅਤੇ ਘਰੋਂ ਕੁਝ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਗਏ ਹਨ।
ਜਾਣਕਾਰੀ ਅਨੁਸਾਰ ਏਜੰਸੀ ਦੀਆਂ ਦੋ ਟੀਮਾਂ ਅੱਜ ਸਵੇਰੇ ਪਿੰਡ ਕਰਮੂੰਵਾਲਾ ਪਹੁੰਚੀਆਂ। ਇਨ੍ਹਾਂ ਵਿੱਚੋਂ ਇੱਕ ਟੀਮ ਅੰਮ੍ਰਿਤਪਾਲ ਸਿੰਘ ਦੀ ਕਰਮੂੰਵਾਲਾ ਸਥਿਤ ਰਿਹਾਇਸ਼ ’ਤੇ ਪਹੁੰਚੀ, ਜਿਸ ਨੇ ਉਥੇ ਤਲਾਸ਼ੀ ਲਈ। ਇਸ ਦੌਰਾਨ ਇਕ ਹੋਰ ਟੀਮ ਅੰਮ੍ਰਿਤਪਾਲ ਸਿੰਘ ਦੇ ਚੋਹਲਾ ਸਾਹਿਬ ਸਥਿਤ ਦਫ਼ਤਰ ਦੀ ਤਲਾਸ਼ੀ ਲੈਣ ਪਹੁੰਚੀ, ਜਿਥੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਤਲਾਸ਼ੀ ਜਾਰੀ ਸੀ। ਕਾਰੋਬਾਰੀ ਦੇ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਤਲਾਸ਼ੀ ਲੈਣ ਆਈਆਂ ਟੀਮਾਂ ਨੇ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤਪਾਲ ਸਿੰਘ ਦੇ ਘਰ ਵੱਲ ਨਹੀਂ ਜਾਣ ਦਿੱਤਾ। ਅੰਮ੍ਰਿਤਪਾਲ ਖੁ਼ਦ ਘਰ ਵਿੱਚ ਮੌਜੂਦ ਨਹੀਂ ਸੀ ਤੇ ਘਰ ਵਿੱਚ ਉਸ ਦੀ ਪਤਨੀ ਅਤੇ ਮਾਤਾ ਮੌਜੂਦ ਸਨ। ਜਾਣਕਾਰੀ ਅਨੁਸਾਰ ਚੋਹਲਾ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਦਾ ‘ਸੰਧੂ ਟੂਰ ਐਂਡ ਟਰੈਵਲਜ਼’ ਨਾਂ ਦਾ ਦਫ਼ਤਰ ਹੈ, ਜਿਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਹ ਚੋਹਲਾ ਸਾਹਿਬ ਵਿੱਚ ਆਇਲੈਟਸ ਸੈਂਟਰ ਵੀ ਚਲਾਉਂਦਾ ਹੈ। ਜ਼ਿਲ੍ਹਾ ਪੁਲੀਸ ਨੇ ਕੌਮੀ ਜਾਂਚ ਏਜੰਸੀ ਦੀ ਸੁਰੱਖਿਆ ਲਈ ਸਖ਼ਤ ਬੰਦੋਬਸਤ ਕੀਤੇ ਹੋਏ ਸਨ। ਏਜੰਸੀ ਅਧਿਕਾਰੀਆਂ ਵੱਲੋਂ ਕਾਰਵਾਈ ਬਾਰੇ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਦੇ ਦਸਤਖਤ ਕਰਵਾਏ ਗਏ ਹਨ|