ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਅਤਿਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਭਰ ਰਹੇ ਗੱਠਜੋੜ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਅੱਜ ਮਟੌਰ ਪੁਲੀਸ ਨਾਲ ਮੁਹਾਲੀ ਦੇ ਸੈਕਟਰ-71 ਵਿੱਚ ਦਸਤਕ ਦਿੱਤੀ। ਟੀਮ ਨੇ ਜਿਹੜੇ ਮਕਾਨ ਵਿੱਚ ਛਾਪਾ ਮਾਰਿਆ, ਉਸ ਮਕਾਨ ਦਾ ਮਾਲਕ ਅਤੇ ਕਿਰਾਏਦਾਰ ਘਰ ਵਿੱਚ ਮੌਜੂਦ ਨਹੀਂ ਸੀ। ਇਸ ਦੌਰਾਨ ਐੱਨਆਈਏ ਨੇ ਬਾਕੀ ਕਿਰਾਏਦਾਰਾਂ ਦੇ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ ਪਰ ਵਾਪਸ ਜਾਣ ਸਮੇਂ ਮੋਬਾਈਲ ਵਾਪਸ ਕਰ ਦਿੱਤੇ। ਇਸ ਮਗਰੋਂ ਐੱਨਆਈਏ ਦੀ ਟੀਮ ਸੋਹਾਣਾ ਥਾਣੇ ਦੇ ਸਬ-ਇੰਸਪੈਕਟਰ ਨੈਬ ਸਿੰਘ ਨਾਲ ਸੈਕਟਰ-88 ਵਿੱਚ ਛਾਣਬੀਣ ਕੀਤੀ। ਜ਼ਿਕਰਯੋਗ ਹੈ ਕਿ ਐੱਨਆਈਏ ਵੱਲੋਂ ਮੁਹਾਲੀ ਸਮੇਤ ਹੋਰ ਅਦਾਲਤਾਂ ਵਿੱਚ ਗੈਂਗਸਟਰਾਂ ਅਤੇ ਖਾੜਕੂਆਂ ਦੇ ਕੇਸ ਲੜਨ ਵਾਲੇ ਵਕੀਲਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਬਠਿੰਡਾ (ਮਨੋਜ ਸ਼ਰਮਾ): ਕੌਮੀ ਜਾਂਚ ਏਜੰਸੀ ਦੀ ਟੀਮ ਵੱਲੋਂ ਮੰਗਲਵਾਰ ਸਵੇਰੇ ਛੇ ਵਜੇ ਦੇ ਕਰੀਬ ਜ਼ਿਲ੍ਹੇ ‘ਚ ਤਿੰਨ ਥਾਵਾਂ ‘ਤੇ ਛਾਪੇ ਮਾਰੇ ਗਏ ਹਨ। ਟੀਮ ਵੱਲੋਂ ਪਹਿਲਾ ਛਾਪਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਵਿੱਚ ਕਬੱਡੀ ਕੋਚ ਜੱਗਾ ਦੇ ਘਰ ਮਾਰਿਆ ਗਿਆ, ਜੋ ਆਪਣੇ ਘਰ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਟੀਮ ਨੇ ਤਪਾ ਮੰਡੀ ਨਜ਼ਦੀਕ ਪਿੰਡ ਕਰੜਾਵਾਲਾ ਦੇ ਰਹਿਣ ਵਾਲੇ ਜੈਮਨ ਸਿੰਘ ਦੇ ਘਰ ਛਾਪਾ ਮਾਰਿਆ ਹੈ, ਜੋ ਜੇਲ੍ਹ ਵਿੱਚ ਬੰਦ ਹੈ। ਟੀਮ ਨੇ ਉਸ ਦੇ ਘਰੋਂ ਇੱਕ ਮੋਬਾਈਲ ਸਮੇਤ ਸੀਸੀਟੀਵੀ ਕੈਮਰਿਆਂ ਨਾਲ ਸਬੰਧਤ ਸਮੱਗਰੀ ਨੂੰ ਕਬਜ਼ੇ ’ਚ ਲਿਆ ਹੈ। ਇਸ ਤਰ੍ਹਾਂ ਬਠਿੰਡਾ ਸ਼ਹਿਰ ਦੇ ਭਾਗੂ ਰੋਡ ਸਥਿਤ ਇਕ ਵਿਅਕਤੀ ਦੇ ਘਰ ਛਾਪਾ ਮਾਰਿਆ ਗਿਆ। ਸੂਤਰਾਂ ਮੁਤਾਬਕ ਟੀਮ ਵੱਲੋਂ ਉਕਤ ਵਿਅਕਤੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਲਈ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਜ਼ਿਲ੍ਹਾ ਪੁਲੀਸ ਮੁਖੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਉਹ ਐੱਨਆਈਏ ਟੀਮ ਦਾ ਸਹਿਯੋਗ ਕਰ ਰਹੇ ਹਨ।
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਥਾਣਾ ਘਨੌਰ ਦੇ ਪਿੰਡ ਮੰਜੌਲੀ ਵਿੱਚ ਐੱਨਆਈਏ ਦੀ ਟੀਮ ਵੱਲੋਂ ਇੱਥੋਂ ਦੇ ਵਸਨੀਕ ਗੁਰਸੇਵਕ ਸਿੰਘ ਕੋਲੋਂ ਮੁਲਜ਼ਮ ਗੌਰਵ ਪਟਿਆਲ ਨਾਲ ਸਬੰਧਾਂ ਬਾਰੇ ਲਗਪਗ ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ। ਇਸ ਦੀ ਪੁਸ਼ਟੀ ਡੀਐੱਸਪੀ ਰਘਵੀਰ ਸਿੰਘ ਅਤੇ ਐੱਸਐੱਚਓ ਘਨੌਰ ਸਾਹਿਬ ਸਿੰਘ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਐੱਨਆਈਏ ਦੀ ਟੀਮ ਵੱਲੋਂ ਬੀਤੇ ਮਹੀਨੇ ਵੀ ਕਿਸੇ ਮਾਮਲੇ ਵਿੱਚ ਗੁਰਸਵੇਕ ਸਿੰਘ ਪਾਸੋਂ ਪੁੱਛ -ਪੜਤਾਲ ਕੀਤੀ ਗਈ ਸੀ।
ਗੈਂਗਸਟਰਾਂ ਦੇ ਕੇਸ ਲੜਨ ਵਾਲੀ ਵਕੀਲ ਸ਼ੈਲੀ ਸ਼ਰਮਾ ਦੇ ਘਰ ਛਾਪਾ
ਚੰਡੀਗੜ੍ਹ (ਆਤਿਸ਼ ਗੁਪਤਾ): ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਅੱਜ ਗੈਂਗਸਟਰਾਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੀ ਐਡਵੋਕੇਟ ਸ਼ੈਲੀ ਸ਼ਰਮਾ ਦੇ ਚੰਡੀਗੜ੍ਹ ਵਿਚਲੇ ਸੈਕਟਰ-27 ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕੀਤੀ। ਇਹ ਜਾਂਚ ਸਵੇਰੇ 6.30 ਤੋਂ ਸ਼ੁਰੂ ਹੋ ਕੇ 9.30 ਵਜੇ ਤੱਕ ਚੱਲਦੀ ਰਹੀ। ਐੱਨਆਈਏ ਦੀ ਟੀਮ ਨੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਲੈਪਟਾਪ, ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤੇ ਦੋ ਮੋਬਾਈਲ ਵੀ ਕਬਜ਼ੇ ਵਿੱਚ ਲਏ। ਐਡਵੋਕੇਟ ਨੇ ਮੀਡੀਆ ਨੂੰ ਦੱਸਿਆ ਕਿ ਉਹ ਗੈਂਗਸਟਰ ਦਵਿੰਦਰ ਬੰਬੀਹਾ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆਂ ਗਰੁੱਪ ਨਾਲ ਸਬੰਧਤ ਵਿਅਕਤੀਆਂ ਦੇ ਕੇਸ ਲੜ ਰਹੀ ਹੈ। ਅੱਜ ਵੀ ਉਸ ਨੇ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਐੱਨਆਈਏ ਦੇ ਛਾਪੇ ਕਾਰਨ ਪੇਸ਼ ਨਹੀਂ ਹੋ ਸਕੀ। ਦੂਜੇ ਪਾਸੇ ਵਕੀਲ ਦੇ ਘਰ ਛਾਪੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਵਿੱਚ ਵਕੀਲਾਂ ਨੇ ਮੰਗਲਵਾਰ ਨੂੰ ਕੰਮਕਾਜ ਠੱਪ ਕੀਤਾ। ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਪ੍ਰਧਾਨ ਸੰਤੋਖਵਿੰਦਰ ਸਿੰਘ ਗਰੇਵਾਲ ਨੇ ਭਲਕੇ ਬੁੱਧਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਧਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਨੇ ਵੀ 20 ਅਕਤੂਬਰ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਸੁਵੀਰ ਸਿੰਘ ਸਿੱਧੂ ਨੇ ਐੱਨਆਈਏ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਵਕੀਲ ਦੇ ਘਰ ਛਾਪਾ ਮਾਰਨ ਦੀ ਨਿਖੇਧੀ ਕੀਤੀ ਹੈ।
ਅੰਬਾਲਾ ਵਿੱਚ ਠੇਕੇਦਾਰ ਘਰੋਂ 1.17 ਕਰੋੜ ਤੇ 49 ਸਿਮ ਕਾਰਡ ਬਰਾਮਦ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਐੱਨਆਈਏ ਵੱਲੋਂ ਅੰਬਾਲਾ ਸ਼ਹਿਰ ਦੇ ਜੀਵਨ ਨਗਰ ਵਿੱਚ ਜੇਲ੍ਹਾਂ ਦੇ ਕੰਸਟਰੱਕਸ਼ਨ ਠੇਕੇਦਾਰ ਮੁਕੇਸ਼ ਰਾਠੀ ਦੇ ਘਰ ਛਾਪਾ ਮਾਰਿਆ ਗਿਆ। ਟੀਮ ਨੇ 6 ਘੰਟਿਆਂ ਤੋਂ ਵੱਧ ਸਮਾਂ ਲਾ ਕੇ ਠੇਕੇਦਾਰ ਦੀ ਜਾਇਦਾਦ ਦੇ ਕਾਗ਼ਜ਼ਾਤ, ਬੈਂਕ ਡਿਟੇਲ ਅਤੇ ਠੇਕੇ ਦੀਆਂ ਫਾਈਲਾਂ ਦੀ ਜਾਂਚ ਕੀਤੀ। ਸੂਤਰਾਂ ਅਨੁਸਾਰ ਛਾਪੇ ਦੌਰਾਨ ਰਾਠੀ ਦੇ ਘਰੋਂ 1.17 ਕਰੋੜ ਰੁਪਏ ਦੀ ਰਕਮ ਅਤੇ 49 ਮੋਬਾਈਲ ਸਿਮ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਿਮਾਂ ਦੇ ਜ਼ਰੀਏ ਮੁਲਜ਼ਮ ਪਾਕਿਸਤਾਨ ਦੇ ਕਈ ਲੋਕਾਂ ਨਾਲ ਗੱਲਬਾਤ ਕਰ ਚੁੱਕਾ ਹੈ।