ਹਰਜੀਤ ਪਰਮਾਰ/ਦਲਬੀਰ ਸੱਖੋਵਾਲੀਆ
ਬਟਾਲਾ, 3 ਜੁਲਾਈ
ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਲੰਘੀ ਰਾਤ ਇੱਥੋਂ ਦੇ ਇੱਕ ਨਾਮੀਂ ਹਸਪਤਾਲ ਵਿੱਚ ਪੁੱਜ ਕੇ ਮੈਨੇਜਰ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਇਹ ਪੜਤਾਲ ਗੈਂਗਸਟਰ ਰਾਣਾ ਕੰਦੋਵਾਲੀਆ ਮਾਮਲੇ ਵਿੱਚ ਕੀਤੀ ਗਈ ਹੈ। ਪਿਛਲੇ ਸਾਲ ਅੰਮ੍ਰਿਤਸਰ ਵਿੱਚ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਵੇਲੇ ਗੋਲੀਬਾਰੀ ਵਿੱਚ ਇੱਕ ਹਮਲਾਵਰ ਨੂੰ ਵੀ ਗੋਲੀਆਂ ਲੱਗੀਆਂ ਸਨ। ਉਸ ਹਮਲਾਵਰ ਦਾ ਇਲਾਜ ਇਸ ਹਸਪਤਾਲ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਇਹ ਪਤਾ ਲੱਗਾ ਹੈ ਕਿ ਐੱਨਆਈਏ ਨਾਲ ਸੀਆਰਪੀਐੱਫ ਦੇ ਜਵਾਨ ਵੀ ਵੱਡੀ ਗਿਣਤੀ ਵਿੱਚ ਸਨ, ਜਿਨ੍ਹਾਂ ਨੇ ਪਹਿਲਾਂ ਇਸ ਖੇਤਰ ਨੂੰ ਸੀਲ ਕਰ ਦਿੱਤਾ। ਇਸ ਮਾਮਲੇ ਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਤਾਰ ਵੀ ਜੁੜੇ ਹਨ। ਐਨਆਈਏ ਦੀ ਇੱਕ ਟੀਮ ਸ਼ਨਿੱਚਰਵਾਰ ਰਾਤ ਦਸ ਵਜੇ ਬਟਾਲਾ-ਜਲੰਧਰ ਰੋਡ ’ਤੇ ਸਥਿਤ ਇੱਕ ਨਿੱਜੀ ਹਸਪਤਾਲ ਪੁੱਜੀ। ਟੀਮ ਨੇ ਲਗਪਗ ਇੱਕ ਘੰਟਾ ਹਸਪਤਾਲ ਦੇ ਮੈਨੇਜਰ ਕੋਲੋਂ ਪੁੱਛਗਿੱਛ ਕੀਤੀ ਅਤੇ ਰਿਕਾਰਡ ਆਪਣੇ ਨਾਲ ਲੈ ਗਈ। ਰਾਣਾ ਕੰਦੋਵਾਲੀਆ ਕਤਲ ਦੀ ਜ਼ਿੰਮੇਵਾਰੀ ਬਟਾਲਾ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਜੱਗੂ ਭਗਵਾਨਪੁਰੀਆ ਨੇ ਗਈ ਸੀ।
ਸੂਤਰ ਦੱਸਦੇ ਕਿ ਉਸ ਸਮੇਂ ਇਸ ਹਸਪਤਾਲ ਵੱਲੋਂ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਬਾਰੇ ਐੱਸਐੱਸਪੀ ਬਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਛੇ ਮਹੀਨੇ ਪਹਿਲਾਂ ਅੰਮ੍ਰਿਤਸਰ ਪੁਲੀਸ ਨੇ ਇਸ ਹਸਪਤਾਲ ਵਿੱਚ ਛਾਪਾ ਮਾਰਿਆ ਸੀ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਸੀ ਪਰ ਇਸ ਹਸਪਤਾਲ ਦਾ ਮਾਲਕ ਤਤਕਾਲੀ ਕਾਂਗਰਸ ਦੇ ਇੱਕ ਮੰਤਰੀ ਦਾ ਅਤਿ ਕਰੀਬੀ ਹੋਣ ਕਾਰਨ ਉਸ ਸਮੇਂ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ।