ਪਰਮਜੀਤ ਸਿੰਘ
ਫਾਜ਼ਿਲਕਾ, 21 ਸਤੰਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਗਠਿਤ ਨਿਗਰਾਨ ਕਮੇਟੀ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰਾਂ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਗਿਆ। ਟੀਮ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਹਨ, ਜਦੋਂਕਿ ਸਾਬਕਾ ਮੁੱਖ ਸਕੱਤਰ ਐੱਸ.ਸੀ. ਅਗਰਵਾਲ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ. ਬਾਬੂ ਰਾਮ ਇਸ ਦੇ ਮੈਂਬਰ ਹਨ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਨੇ ਦਿੱਤੇ ਗਏ ਟੀਚਿਆਂ ਦੀ ਪੂਰਤੀ ਲਈ ਚੰਗੀ ਪ੍ਰਗਤੀ ਵਿਖਾਈ ਹੈ। ਨਿਗਰਾਨ ਟੀਮ ਦੇ ਮੁਖੀ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਜੋ ਦਿਸ਼ਾ-ਨਿਰਦੇਸ਼ ਦਿੱਤੇ ਹਨ, ਉਨ੍ਹਾਂ ਦੀ ਪਾਲਣਾ ਲਾਜ਼ਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ ਸਬੰਧਿਤ ਸ਼ਹਿਰ ਦੀ ਨਗਰ ਕੌਂਸਲ ਨੂੰ ਵੀ ਜੁਰਮਾਨਾ ਭਰਨਾ ਪਵੇਗਾ। ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਪੰਜ ਜ਼ਿਲ੍ਹਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਨਾਲ ਜੁੜੇ ਇੱਕ ਮਾਮਲੇ ਸਬੰਧੀ ਐੱਨਜੀਟੀ ਦੀ ਟੀਮ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।
ਸ੍ਰੀ ਐੱਸ.ਸੀ. ਅਗਰਵਾਲ ਨੇ ਕਿਹਾ ਕਿ ਹਰੇਕ ਪਿੰਡ ਅਤੇ ਸ਼ਹਿਰ ’ਚ ਅਜਿਹਾ ਜਲ ਸੋਮਾ ਵਿਕਸਤ ਕੀਤਾ ਜਾਵੇ ਜਾਂ ਪਹਿਲਾਂ ਤੋਂ ਉਪਲਬਧ ਜਲ ਸੋਮੇ ਨੂੰ ਸੰਭਾਲਿਆ ਜਾਵੇ ਤਾਂ ਜੋ ਮੀਂਹ ਦੇ ਪਾਣੀ ਨੂੰ ਸਟੋਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਟੀਮ ਨੇ ਅਬੋਹਰ ਸੀਵਰੇਜ ਪਲਾਂਟ ਦਾ ਦੌਰਾ ਕੀਤਾ ਸੀ। ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਟੀਮ ਨੂੰ ਭਰੋਸਾ ਦਿਵਾਇਆ ਕਿ ਐੱਨਜੀਟੀ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਆਦਿ ਹਾਜ਼ਰ ਸਨ।