ਗਗਨਦੀਪ ਅਰੋੜਾ
ਲੁਧਿਆਣਾ, 27 ਅਪਰੈਲ
ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਟੀਮ ਵੱਲੋਂ ਅੱਜ ਇੱਥੋਂ ਦੇ ਤਾਜਪੁਰ ਰੋਡ ਨੇੜੇ ਬੁੱਢੇ ਨਾਲੇ ਅਤੇ ਕੂੜੇ ਦੇ ਡੰਪ ਦਾ ਦੌਰਾ ਕੀਤਾ ਗਿਆ। ਐੱਨਜੀਟੀ ਦੀ ਟੀਮ ਦੀ ਅਗਵਾਈ ਮੌਨੀਟਰਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਤੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ। ਇਸ ਮੌਕੇ ਟੀਮ ਨੇ ਨਿਗਮ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਦੀ ਕਲਾਸ ਲਗਾਈ।
ਐੱਨਜੀਟੀ ਦੀ ਟੀਮ ਪਹਿਲਾਂ ਤਾਜਪੁਰ ਰੋਡ ’ਤੇ ਤਿਆਰ ਕੀਤੇ ਜਾ ਰਹੇ ਨਵੇਂ ਸੀਈਟੀਪੀ ਪਲਾਂਟ ’ਤੇ ਪੁੱਜੀ।
ਇੱਥੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪਲਾਂਟ ਦੇ ਬਾਹਰ ਨਿਕਲਦੇ ਹੀ ਜਸਟਿਸ ਜਸਬੀਰ ਸਿੰਘ ਦੀ ਨਜ਼ਰ ਲਗਪਗ ਦੋ ਏਕੜ ਦੇ ਖਾਲੀ ਪਏ ਪਲਾਟ ’ਚ ਭਰੇ ਪਏ ਕੂੜੇ ’ਤੇ ਪੈ ਗਈ। ਉਨ੍ਹਾਂ ਤੁਰੰਤ ਗੱਡੀ ਰੁਕਵਾਈ ਤੇ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਸੱਦ ਕੇ ਉਨ੍ਹਾਂ ਦੀ ਕਲਾਸ ਲਗਾਈ। ਉਨ੍ਹਾਂ ਕਮਿਸ਼ਨਰ ਨੂੰ ਇਸ ਸਬੰਧੀ ਰਿਪੋਰਟ ਦੇਣ ਦੇ ਨਾਲ ਸ਼ਹਿਰ ਵਿੱਚ ਹੋਰ ਥਾਵਾਂ ਉੱਤੇ ਪਏ ਕੂੜੇ ਸਬੰਧੀ ਰਿਪੋਰਟ ਦੇਣ ਦਾ ਹੁਕਮ ਵੀ ਦਿੱਤਾ।
ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡੰਪ ਨੇੜੇ ਸਾਹ ਲੈਣਾ ਵੀ ਮੁਸ਼ਕਿਲ ਹੈ। ਇਹ ਹਾਲਾਤ ਸਿਰਫ਼ ਨਗਰ ਨਿਗਮ ਦੀਆਂ ਗਲਤੀਆਂ ਕਾਰਨ ਪੈਦਾ ਹੋਏ ਹਨ, ਜਿਸ ਦਾ ਖ਼ਮਿਆਜ਼ਾ ਸ਼ਹਿਰ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਕਾਰਨ ਇਸ ਇਲਾਕੇ ਦਾ ਪਾਣੀ ਕਾਫ਼ੀ ਗੰਧਲਾ ਹੋ ਰਿਹਾ ਹੈ।
ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਕਈ ਗਲਤੀਆਂ ਕਰ ਰਿਹਾ ਹੈ। ਪਹਿਲੀਆਂ ਗਲਤੀਆਂ ਕਾਰਨ ਪੰਜਾਬ ਨੂੰ ਢਾਈ ਸੌ ਕਰੋੜ ਰੁਪਏ ਜੁਰਮਾਨਾ ਹੋਇਆ ਅਤੇ ਇਹ ਵਧਦਾ ਹੀ ਜਾ ਰਿਹਾ ਹੈ।
ਡੰਪ ਦੀ ਅੱਗ ਕਾਰਨ ਮੌਤਾਂ ਦੇ ਮਾਮਲੇ ਦੀ ਜਾਂਚ ਦੇ ਹੁਕਮ
ਲੁਧਿਆਣਾ: ਕੂੜੇ ਦੇ ਡੰਪ ਕੋਲ ਬਣੀ ਝੁੱਗੀ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋਣ ਮਗਰੋਂ ਐੱਨਜੀਟੀ ਦੀ ਟੀਮ ਨੇ ਅੱਜ ਘਟਨਾ ਸਥਾਨ ਦਾ ਜਾਇਜ਼ਾ ਲਿਆ। ਟੀਮ ਦੇ ਪੁੱਜਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਉਥੇ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸ ਦੌਰਾਨ ਜਸਟਿਸ ਜਸਬੀਰ ਸਿੰਘ ਦੇ ਸਾਹਮਣੇ ਹੀ ਪਰਿਵਾਰ ਵਿੱਚੋਂ ਬਚੇ ਇਕਲੌਤੇ ਰਾਜੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਝੁੱਗੀ ਨੂੰ ਅੱਗ ਲੱਗੀ ਨਹੀਂ, ਬਲਕਿ ਲਾਈ ਗਈ ਹੈ ਅਤੇ ਜਿਸ ਵਿਅਕਤੀ ਨੇ ਅੱਗ ਲਾਈ ਹੈ, ਉਸ ਦੀ ਫੋਟੋ ਵੀ ਉਸ ਕੋਲ ਹੈ। ਇਸ ਤੋਂ ਇਲਾਵਾ ਇੱਕ ਨੌਜਵਾਨ ਦਾ ਮੋਟਰਸਾਈਕਲ ਵੀ ਉੱਥੇ ਮੌਜੂਦ ਹੈ, ਜਿਸ ਨੂੰ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਮਗਰੋਂ ਉੱਥੇ ਮੌਜੂਦ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਤੋਂ ਜਸਟਿਸ ਜਸਬੀਰ ਸਿੰਘ ਨੇ ਪੁੱਛਿਆ, ਜਿਸ ’ਤੇ ਜੇਸੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਨੌਜਵਾਨ ਨੇ ਹਾਲੇ ਨਹੀਂ ਦੱਸਿਆ। ਇਸ ਮਗਰੋਂ ਜਸਟਿਸ ਜਸਬੀਰ ਸਿੰਘ ਨੇ ਇਸ ਦੀ ਜਾਂਚ ਦੇ ਹੁਕਮ ਜਾਰੀ ਕੀਤੇ। ਜੁਆਇੰਟ ਸੀਪੀ ਨੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਏਸੀਪੀ ਸੁਰਿੰਦਰਪਾਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਕਬਾੜ ਦਾ ਕੰਮ ਕਰਨ ਵਾਲੇ ਸੁਰੇਸ਼ ਸਾਹਨੀ ਦੀ ਕੂੜੇ ਦੇ ਡੰਪ ਕੋਲ ਹੀ ਝੁੱਗੀ ਬਣੀ ਹੈ ਤੇ ਪਰਿਵਾਰ ਦੇ ਨਾਲ ਉਥੇ ਉਹ ਰਹਿੰਦਾ ਸੀ। 19 ਅਪਰੈਲ ਨੂੰ ਦੇਰ ਰਾਤ ਝੁੱਗੀ ’ਚ ਅੱਗ ਲੱਗ ਗਈ ਤੇ ਪੰਜ ਬੱਚਿਆਂ ਸਮੇਤ 7 ਜਣਿਆਂ ਦੀ ਮੌਤ ਹੋ ਗਈ ਸੀ। ਸੁਰੇਸ਼ ਸਾਹਨੀ ਦਾ ਲੜਕਾ ਰਾਜੇਸ਼ ਇਸ ਕਾਰਨ ਬਚ ਗਿਆ ਕਿ ਉਹ ਆਪਣੇ ਦੋਸਤ ਦੀ ਝੁੱਗੀ ’ਚ ਸੌਣ ਲਈ ਗਿਆ ਸੀ। ਹਾਲਾਂਕਿ ਪੁਲੀਸ ਨੇ ਇਸ ਮਾਮਲੇ ਨੂੰ ਹਾਦਸਾ ਦੱਸਿਆ ਸੀ।