ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਸਪਸ਼ਟ ਕੀਤਾ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ 11 ਤੇ 13 ਜੁਲਾਈ ਨੂੰ ਆਉਣ ਦੀਆਂ ਖ਼ਬਰਾਂ ਗ਼ਲਤ ਹਨ। ਬੋਰਡ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਸੀਬੀਐੱਸਈ ਦੇ ਸਰਕੁਲਰ ਨੂੰ ਵੀ ਗ਼ਲਤ ਕਰਾਰ ਦਿੱਤਾ ਹੈ ਪਰ ਬੋਰਡ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਕਿਸ ਤਾਰੀਖ ਨੂੰ ਆਉਣਗੇ। ਦੱਸਣਾ ਬਣਦਾ ਹੈ ਕਿ ਬੋਰਡ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਆਉਣਗੇ ਪਰ ਸੋਸ਼ਲ ਮੀਡੀਆ ’ਤੇ ਸੀਬੀਐਸਈ ਦੇ ਸਰਕੁਲਰ ਦੇ ਹਵਾਲੇ ਨਾਲ ਸੰਦੇਸ਼ ਆ ਰਿਹਾ ਸੀ ਕਿ ਬਾਰ੍ਹਵੀਂ ਜਮਾਤ ਦਾ ਨਤੀਜਾ 11 ਜੁਲਾਈ ਤੇ ਦਸਵੀਂ ਜਮਾਤ ਦਾ ਨਤੀਜਾ 13 ਜੁਲਾਈ ਨੂੰ ਆਵੇਗਾ ਪਰ ਬੋਰਡ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਹ ਸਰਕੁਲਰ ਗਲਤ ਹੈ ਤੇ ਬੋਰਡ ਦੇ ਨਤੀਜੇ ਬਾਰੇ ਸਿਰਫ ਸੀਬੀਐੱਸਈ ਦੀ ਵੈਬਸਾਈਟ ਰਾਹੀਂ ਹੀ ਜਾਣਕਾਰੀ ਹਾਸਲ ਕੀਤੀ ਜਾਵੇ। ਬੋਰਡ ਨੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਸਕੂਲ ਮੁਖੀਆਂ ਨੂੰ ਸਪਸ਼ਟ ਕੀਤਾ ਹੈ ਕਿ ਉਹ ਇਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ।
ਮਾਨਤਾ ਲੈਣ ਦੀ ਮਿਆਦ ਫਿਰ ਵਧਾਈ
ਮਾਨਤਾ ਲੈਣ ਲਈ ਚਾਰਾਜੋਈ ਕਰ ਰਹੇ ਸਕੂਲਾਂ ਨੇ ਸੀਬੀਐਸਈ ਨੂੰ ਪੱਤਰ ਲਿਖਿਆ ਹੈ ਕਿ ਸੀਬੀਐਸਈ ਵੱਲੋਂ ਲਾਏ ਇਤਰਾਜ਼ਾਂ ਦੀ ਵਿਸਥਾਰਤ ਰਿਪੋਰਟ ਆਨਲਾਈਨ ਭੇਜੀ ਨਹੀਂ ਜਾ ਰਹੀ। ਇਸ ਤੋਂ ਬਾਅਦ ਸੀਬੀਐਸਈ ਨੇ ਵੀ ਨਵੀਂ ਮਾਨਤਾ ਲੈਣ ਵਾਲੇ ਤੇ ਪੁਰਾਣੀ ਮਾਨਤਾ ਦੀ ਮਿਆਦ ਖਤਮ ਹੋਣ ਵਾਲੇ ਸਕੂਲਾਂ ਨੂੰ ਕਿਹਾ ਹੈ ਕਿ ਤਕਨੀਕੀ ਖਾਮੀਆਂ ਕਾਰਨ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਸ ਕਰ ਕੇ ਮਾਨਤਾ ਨਵਿਆਉਣ ਦੀ ਤਾਰੀਖ 31 ਜੁਲਾਈ ਤੋਂ ਵਧਾ ਕੇ 31 ਅਗਸਤ ਕੀਤੀ ਜਾਂਦੀ ਹੈ।