ਚੰਡੀਗੜ੍ਹ, 23 ਮਾਰਚ
ਪੰਜਾਬ ਵਿੱਚ ਪੈਰ ਪਸਾਰ ਰਹੇ ਨਵੀਂ ਕਿਸਮ ਦੇ ਕਰੋਨਾਵਾਇਰਸ ਨੇ ਸੂਬੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੂਬਾ ਸਰਕਾਰ ਨੇ ਜਾਂਚ ਲਈ 401 ਸੈਂਪਲ ਭੇਜੇ ਸਨ। ਇਨ੍ਹਾਂ ਵਿੱਚੋਂ 81 ਫ਼ੀਸਦੀ ਸੈਂਪਲਾਂ ਵਿੱਚ ਬਰਤਾਨੀਆ ’ਚ ਫੈਲੇ ਨਵੀਂ ਕਿਸਮ ਦੇ ਕੋਵਿਡ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਨਵੀਂ ਤਰ੍ਹਾਂ ਦੀ ਸਥਿਤੀ ਪੈਦਾ ਹੋਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨ ਜ਼ਰੂਰ ਲੈਣ। ਉਹ ਇਸ ਗੱਲ ਤੋਂ ਵੀ ਚਿੰਤਤ ਹਨ ਕਿ ਨਵੀਂ ਕਿਸਮ ਦੇ ਕਰੋਨਾ ਦਾ ਸਭ ਤੋਂ ਵੱਧ ਅਸਰ ਨੌਜਵਾਨਾਂ ’ਤੇ ਹੋ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ 60 ਸਾਲ ਦੀ ਉਮਰ ਤੋਂ ਘੱਟ ਲੋਕਾਂ ਨੂੰ ਵੱਡੀ ਪੱਧਰ ’ਤੇ ਵੈਕਸੀਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਲੋਕਾਂ ਦਾ ਵੱਧ ਤੋਂ ਵੱਧ ਟੀਕਾਕਰਨ ਕਰਨ ਦੀ ਜ਼ਰੂਰਤ ਹੈ।