ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੂਨ
ਪੰਜਾਬ ਵਿਧਾਨ ਸਭਾ ’ਚ ਅੱਜ ਪਹਿਲਾ ਮੌਕਾ ਹੋਵੇਗਾ ਜਦੋਂ ਬਾਦਲ ਪਰਿਵਾਰ ਦੀ ਟਾਵੀਂ ਚਰਚਾ ਰਹੀ। ਪ੍ਰਿੰਸੀਪਲ ਬੁੱਧ ਰਾਮ ਨੇ ਹਰਸਿਮਰਤ ਕੌਰ ਬਾਦਲ ਦੀ ਗੱਲ ਛੇੜੀ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਉਨ੍ਹਾਂ ਨੇ ਕੁਝ ਨਹੀਂ ਕੀਤਾ। ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਬੀਬੀ ਬਾਦਲ ਦੇ ਪੱਖ ਵਿਚ ਬੋਲਦਿਆਂ ਕਿਹਾ ਕਿ ਲਾਡੋਵਾਲ ਵਿਚ ਫੂਡ ਪਾਰਕ ਬੀਬੀ ਹਰਸਿਮਰਤ ਦੀ ਹੀ ਦੇਣ ਹੈ। ਸੁਖਪਾਲ ਖਹਿਰਾ ਨੇ ਬਰਗਾੜੀ ਮਾਮਲੇ ਵਿਚ ਦੋ ਸਿੱਖ ਨੌਜਵਾਨਾਂ ਦੀ ਕੁੱਟਮਾਰ ਵਿਚ ਸੁਖਬੀਰ ਬਾਦਲ ਦਾ ਜ਼ਿਕਰ ਕੀਤਾ। ਮਜੀਠਾ ਹਲਕੇ ਤੋਂ ਅਕਾਲੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਅੱਜ ਪਹਿਲੀ ਵਾਰ ਸਦਨ ਵਿਚ ਪੁੱਜੇ। ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਗੈਰਹਾਜ਼ਰ ਰਹੇ। ਹਾਕਮ ਧਿਰ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਗੈਰਹਾਜ਼ਰ ਰਹੇ।
ਬਿਜਲੀ ਮੰਤਰੀ ਹਰਭਜਨ ਸਿੰਘ ਨੂੰ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਝਿੜਕਿਆ। ਸਦਨ ਵਿਚ ਆਉਣ ਸਮੇਂ ਹਰਭਜਨ ਸਿੰਘ ਨੇ ਸਪੀਕਰ ਦੀ ਕੁਰਸੀ ਵੱਲ ਪਿੱਠ ਕਰ ਲਈ ਤਾਂ ਸਪੀਕਰ ਨੇ ਅਜਿਹਾ ਕਰਨ ਤੋਂ ਵਰਜਿਆ। ਅੱਜ ‘ਆਪ’ ਦੇ ਕਈ ਵਿਧਾਇਕ ਉਬਾਸੀਆਂ ਮਾਰਦੇ ਰਹੇ। ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਰਕਾਰੀ ਮੀਟਿੰਗਾਂ ਵਿਚੋਂ ਅਧਿਕਾਰੀਆਂ ਦੀ ਗੈਰਹਾਜ਼ਰੀ ਦਾ ਮੁੱਦਾ ਉਠਾਇਆ। ਉਨ੍ਹਾਂ ਸਪੀਕਰ ਕੋਲ ਵਿਸ਼ੇਸ਼ ਅਧਿਕਾਰਾਂ ਦੀ ਸ਼ਿਕਾਇਤ ਦਰਜ ਕਰਾਈ। ਸਪੀਕਰ ਸੰਧਵਾਂ ਨੇ ਸਦਨ ਵਿਚ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ ਮੁੱਖ ਸਕੱਤਰ ਨੂੰ ਭੇਜ ਦਿੱਤੀ ਗਈ ਹੈ।
ਮੁੱਖ ਮੰਤਰੀ ਰਿਹਾਇਸ਼ ’ਤੇ ਇੱਜ਼ਤ ਮਾਣ ਨਾ ਮਿਲਣ ਦਾ ਮੁੱਦਾ ਵੀ ਕਾਂਗਰਸੀ ਵਿਧਾਇਕ ਉਠਾਉਂਦੇ ਰਹੇ। ਸ੍ਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਤਾਂ ਅਮਨ ਕਾਨੂੰਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੂੰ ਮਿਲਣ ਗਏ ਸਨ।