ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵਿਚ ਹੋਈ ਨਵੀਂ ਭਰਤੀ ਵਿਚ ਵੀ ਗੁਆਂਢੀ ਸੂਬੇ ਮੁੜ ਹੱਥ ਮਾਰ ਗਏ ਹਨ| ਟਰਾਂਸਮਿਸ਼ਨ ਕਾਰਪੋਰੇਸ਼ਨ ਤਰਫੋਂ ਪਿਛਲੇ ਵਰ੍ਹੇ ਇਸ ਭਰਤੀ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ| ਪੰਜਾਬੀ ਟ੍ਰਿਬਿਊਨ ਨੂੰ ਪ੍ਰਾਪਤ ਹੋਏ ਦੋ ਵੱਖ-ਵੱਖ ਹੁਕਮਾਂ ਵਿਚ 51 ਉਮੀਦਵਾਰਾਂ ਦੀ ਬਤੌਰ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਭਰਤੀ ਹੋਈ ਹੈ| 13 ਜੁਲਾਈ ਨੂੰ ਜੋ 14 ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ, ਉਹ ਸਾਰੇ ਉਮੀਦਵਾਰ ਰਾਜਸਥਾਨ ਅਤੇ ਗੰਗਾਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ| ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ 4 ਜੁਲਾਈ ਨੂੰ ਜਾਰੀ ਇੱਕ ਸੂਚੀ ਵਿਚ 37 ਉਮੀਦਵਾਰ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਚੁਣੇ ਗਏ ਹਨ, ਜਿਨ੍ਹਾਂ ਵਿਚ ਦੋ ਉਮੀਦਵਾਰ ਹਰਿਆਣਾ, ਦੋ ਉਮੀਦਵਾਰ ਰਾਜਸਥਾਨ ਅਤੇ ਇੱਕ ਉਮੀਦਵਾਰ ਚੰਡੀਗੜ੍ਹ ਦਾ ਭਰਤੀ ਹੋਇਆ ਹੈ| ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਇਹ ਰੌਲਾ ਪੈਂਦਾ ਆ ਰਿਹਾ ਹੈ ਕਿ ਪੰਜਾਬ ਵਿਚ ਨਵੇਂ ਮੁਲਾਜ਼ਮਾਂ ਦੀ ਭਰਤੀ ਵਿਚ ਦੂਸਰੇ ਸੂਬਿਆਂ ਦੇ ਉਮੀਦਵਾਰ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰ ਰਹੇ ਹਨ| ਹਾਲਾਂਕਿ ਪੰਜਾਬ ਸਰਕਾਰ ਨੇ ਦਸਵੀਂ ਤੱਕ ਪੰਜਾਬੀ ਪੜ੍ਹੇ ਹੋਣ ਦੀ ਸ਼ਰਤ ਵਗੈਰਾ ਵੀ ਲਗਾਈ ਹੈ| ਪਾਵਰਕੌਮ ’ਚ ਵੀ ਪਹਿਲਾਂ ਇਸੇ ਤਰ੍ਹਾਂ ਕੁਝ ਭਰਤੀਆਂ ਵਿੱਚ ਹੋਇਆ ਹੈ ਕਿ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਨੂੰ ਵੀ ਕਾਫੀ ਮੌਕਾ ਮਿਲਿਆ ਹੈ| ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ’ਚ ਹੁਣ 20 ਸਹਾਇਕ ਲਾਈਨਮੈਨਾਂ ਦੇ ਵੀ ਹੁਕਮ ਜਾਰੀ ਹੋਏ ਹਨ, ਜਿਨ੍ਹਾਂ ’ਚ ਰਾਜਸਥਾਨ ਦੇ ਤਿੰਨ ਤੇ ਹਰਿਆਣਾ ਦਾ ਇੱਕ ਉਮੀਦਵਾਰ ਭਰਤੀ ਹੋਇਆ ਹੈ| ਯੋਗ ਉਮੀਦਵਾਰਾਂ ਦੀ ਭਰਤੀ ਦੇ ਹੁਕਮ ਪੜਾਅਵਾਰ ਜਾਰੀ ਹੋਏ ਹਨ ਤੇ ਕੁਝ ਹੁਕਮਾਂ ਦੀ ਸੂਚਨਾ ਹਾਲੇ ਪ੍ਰਾਪਤ ਨਹੀਂ ਹੋ ਸਕੀ ਹੈ| ਪੰਜਾਬ ਦੇ ਲੋਕ ਇਸ ਹੱਕ ’ਚ ਹਨ ਕਿ ਭਰਤੀ ਮੌਕੇ ਸੂਬਾ ਵਾਸੀਆਂ ਨੂੰ ਪੂਰਾ ਮੌਕਾ ਮਿਲਣਾ ਚਾਹੀਦਾ ਹੈ|