ਰਵੇਲ ਸਿੰਘ ਭਿੰਡਰ
ਪਟਿਆਲਾ, 27 ਅਗਸਤ
ਪੰਜਾਬ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ‘ਅਧਿਆਪਕ ਦਿਵਸ‘ ਮੌਕੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਸਬੰਧੀ ਬਣਾਈ ਨਵੀਂ ਪੁਰਸਕਾਰ ਨੀਤੀ ਤਹਿਤ ਜੇ ਕੋਈ ਪੁਰਸਕਾਰ ਪ੍ਰਾਪਤ ਕਰ ਚੁੱਕਾ ਅਧਿਆਪਕ ਪੁਰਸਕਾਰ ਦਾ ਨਿਰਾਦਰ ਕਰਦਾ ਹੈ ਜਾਂ ਵਾਪਸ ਕਰਨ ਦੀ ਚਿਤਾਵਨੀ ਦਿੰਦਾ ਹੈ ਤਾਂ ਉਸ ਤੋਂ ਇਹ ਪੁਰਸਕਾਰ ਵਿਭਾਗ ਵੱਲੋਂ ਵਾਪਸ ਲੈ ਲਿਆ ਜਾਵੇਗਾ ਅਤੇ ਭਵਿੱਖ ਵਿੱਚ ਉਹ ਪੁਰਸਕਾਰ ਲਈ ਦੁਬਾਰਾ ਅਰਜ਼ੀ ਨਹੀਂ ਦੇ ਸਕੇਗਾ। ਪੁਰਸਕਾਰਾਂ ਲਈ 28 ਅਗਸਤ ਤੱਕ ਆਨਲਾਈਨ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਪੁਰਸਕਾਰਾਂ ਲਈ ਉਮੀਦਵਾਰਾਂ ਦੀ ਚੋਣ ਵਿਭਾਗ ਵੱਲੋਂ ਬਣਾਈ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇਗੀ। ਨਵੀਂ ਨੀਤੀ ਤਹਿਤ ਜੇ ਪੁਰਸਕਾਰ ਜੇਤੂ ਅਧਿਆਪਕ ਦਾ ਆਉਣ ਵਾਲੇ ਤਿੰਨ ਸਾਲਾਂ ਵਿੱਚ ਜਮਾਤ ਦਾ ਨਤੀਜਾ ਜਾਂ ਵਿਭਾਗ ਵੱਲੋਂ ਕਰਵਾਏ ਗਏ ਕੋਈ ਵਿਸ਼ੇਸ਼ ਮੁਲਾਂਕਣ ਲਗਾਤਾਰ ਔਸਤ ਤੋਂ ਘੱਟ ਆਉਂਦਾ ਹੈ ਤਾਂ ਉਸ ਅਧਿਆਪਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਉਪਰੰਤ ਜਵਾਬ ਸੰਤੋਸ਼ਜਨਕ ਨਾ ਹੋਣ ‘ਤੇ ਪੁਰਸਕਾਰ ਵਾਪਸ ਲੈ ਲਿਆ ਜਾਵੇਗਾ। ਪੁਰਸਕਾਰ ਪ੍ਰਾਪਤ ਕਰਨ ਵਾਲਾ ਅਧਿਆਪਕ ਭਵਿੱਖ ਵਿੱਚ ਕਿਸੇ ਅਨੈਤਿਕ ਕਾਰਜ ਵਿੱਚ ਸ਼ਾਮਲ ਹੁੰਦਾ ਹੈ ਜਾਂ ਆਪਣੇ ਕਿਸੇ ਸਾਥੀ ਜਾਂ ਅਧਿਕਾਰੀ ਨਾਲ ਮਾੜਾ ਵਿਵਹਾਰ ਕਰਦਾ ਹੈ ਤਾਂ ਤਾਂ ਵਿਭਾਗੀ ਕਾਰਵਾਈ ਕੀਤੇ ਜਾਣ ’ਤੇ ਵੀ ਪੁਰਸਕਾਰ ਵਾਪਸ ਲਿਆ ਜਾਵੇਗਾ।
।