ਪੱਤਰ ਪ੍ਰੇਰਕ
ਮਾਨਸਾ, 30 ਜੁਲਾਈ
ਸੂਬਾ ਸਰਕਾਰ ਦੇ ਪੰਜਾਬ ਮੰਡੀ ਬੋਰਡ (ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ) ਨੇ ਅੱਜ ਸੂਬੇ ਦੀਆਂ ਸਾਰੀਆਂ 156 ਮਾਰਕੀਟ ਕਮੇਟੀਆਂ ਦੇ ਨਵੇਂ ਪ੍ਰਬੰਧਕ ਨਿਯੁਕਤ ਕੀਤੇ ਹਨ। ਨਵੀਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਸਰਵਜੀਤ ਸਿੰਘ ਐਡੀਸ਼ਨਲ ਚੀਫ਼ ਸੈਕਟਰੀ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਦੇ ਖੇਤਰ ਵਾਲੇ ਐੱਸਡੀਐੱਮਜ਼ ਨੂੰ ਹੀ ਕਮੇਟੀਆਂ ਦੇ ਨਵੇਂ ਪ੍ਰਬੰਧਕ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਇਨ੍ਹਾਂ ਦੀ ਨਿਯੁਕਤੀ ਇਸੇ ਤਰ੍ਹਾਂ ਰਹੇਗੀ। ਵੇਰਵਿਆਂ ਮੁਤਾਬਕ ਪੰਜਾਬ ਦੇ 23 ਜ਼ਿਲ੍ਹਿਆਂ ਵਿਚਲੇ ਚੇਅਰਮੈਨਾਂ ਨੂੰ ਅੱਜ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸਬੰਧਤ ਐੱਸਡੀਐੱਮਜ਼ ਨੂੰ ਵੱਖਰੇ ਤੌਰ ’ਤੇ ਇਸ ਦੀ ਜਾਣਕਾਰੀ ਦਿੱਤੀ ਹੈ।