ਚਰਨਜੀਤ ਭੁੱਲਰ
ਚੰਡੀਗੜ੍ਹ, 15 ਨਵੰਬਰ
ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 70 ਹਜ਼ਾਰ ਕਿਸਾਨਾਂ ਨੂੰ ਝੋਨੇ ਦੀ ਵਿਕੀ ਫ਼ਸਲ ਦੀ ਅਦਾਇਗੀ ਰੋਕ ਦਿੱਤੀ ਹੈ, ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਦੀ ਮੈਪਿੰਗ ਸ਼ੱਕੀ ਪਾਈ ਗਈ ਹੈ। ਐਤਕੀਂ ਝੋਨੇ ਦੀ ਫ਼ਸਲ ਦੀ ਵਿਕਰੀ ਤੋਂ ਪਹਿਲਾਂ ਆੜ੍ਹਤੀਆਂ ਜ਼ਰੀਏ 11.30 ਲੱਖ ਕਿਸਾਨਾਂ ਦਾ ਜ਼ਮੀਨੀ ਰਿਕਾਰਡ ਸਰਕਾਰੀ ਪੋਰਟਲ ਨਾਲ ਜੋੜਿਆ ਗਿਆ ਸੀ ਜਿਨ੍ਹਾਂ ਵਿੱਚੋਂ 70 ਹਜ਼ਾਰ ਐਂਟਰੀਆਂ ’ਤੇ ਸ਼ੱਕ ਖੜ੍ਹੇ ਹੋਏ ਹਨ।
ਵੱਡੀ ਸਮੱਸਿਆ ਇਹ ਆਈ ਹੈ ਕਿ ਜਿੱਥੇ ਸਾਂਝੇ ਖਾਤੇ ਹਨ ਅਤੇ ਇੱਕੋ ਖਾਤੇ ਨੂੰ ਦੋ ਵੱਖ ਵੱਖ ਆੜ੍ਹਤੀਆਂ ਵੱਲੋਂ ਸਰਕਾਰੀ ਪੋਰਟਲ ’ਤੇ ਲਿੰਕ ਕਰ ਦਿੱਤਾ ਗਿਆ ਸੀ। ਜਦੋਂ ਇੱਕੋ ਖਸਰਾ ਨੰਬਰ/ਖਤੌਨੀ ਨੰਬਰ ਦੀ ਐਂਟਰੀ ਦੋ ਵੱਖ ਵੱਖ ਥਾਵਾਂ ਤੋਂ ਲਿੰਕ ਹੋਈ ਪਾਈ ਗਈ ਤਾਂ ਪੋਰਟਲ ਨੇ ‘ਰੈੱਡ ਐਂਟਰੀ’ ਦਿਖਾ ਦਿੱਤੀ। ਮਿਸਾਲ ਦੇ ਤੌਰ ’ਤੇ ਦੋ ਭਰਾਵਾਂ ਦੀ ਜ਼ਮੀਨ ਦਾ ਖਾਤਾ ਸਾਂਝਾ ਹੈ ਪਰ ਖੇਤੀ ਵੱਖੋ-ਵੱਖਰੀ ਹੈ। ਜਦੋਂ ਦੋਵੇਂ ਜਣਿਆਂ ਨੇ ਆਪੋ-ਆਪਣੇ ਆੜ੍ਹਤੀ ਕੋਲੋਂ ਆਪਣੀ ਜ਼ਮੀਨ ਦੀ ਮੈਪਿੰਗ ਕਰਾਈ ਤਾਂ ਜ਼ਮੀਨ ਦਾ ਖਾਤਾ ਨੰਬਰ ਇੱਕੋ ਹੋਣ ਕਰਕੇ ਉਸ ਨੂੰ ਪੋਰਟਲ ਨੇ ਸ਼ੱਕੀ ਸੂਚੀ ਵਿੱਚ ਪਾ ਦਿੱਤਾ।
ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਆੜ੍ਹਤੀਆਂ ਨੇ ਇੱਕੋ ਜ਼ਮੀਨ ਦੀ ਅਲੱਗ-ਅਲੱਗ ਐਂਟਰੀ ਪਾ ਕੇ ਬਾਹਰੋਂ ਝੋਨਾ ਲਿਆ ਕੇ ਵੇਚ ਦਿੱਤਾ ਹੈ। ਹਾਲਾਂਕਿ ਆੜ੍ਹਤੀਏ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ। ਭਦੌੜ ਦੇ ਆੜ੍ਹਤੀਏ ਕੇਵਲ ਸਿੰਘ ਨੇ ਕਿਹਾ ਕਿ ਸਰਕਾਰੀ ਪੋਰਟਲ ਨੇ ਬਹੁਤੇ ਕੇਸਾਂ ਵਿੱਚ ਜ਼ਮੀਨ ਦਾ ਪੂਰਾ ਰਕਬਾ ਚੁੱਕਿਆ ਹੀ ਨਹੀਂ, ਜਦਕਿ ਹਕੀਕਤ ਵਿੱਚ ਕਿਸਾਨ ਕੋਲ ਜ਼ਮੀਨ ਦਾ ਰਕਬਾ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਖ਼ਾਮੀਆਂ ਹਨ। ਜਾਣਕਾਰੀ ਅਨੁਸਾਰ ਹੁਣ ਪੰਜਾਬ ਮੰਡੀ ਬੋਰਡ ਵੱਲੋਂ 70 ਹਜ਼ਾਰ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ’ਚ ਆੜ੍ਹਤੀਆਂ ਦੀਆਂ ਭੀੜਾਂ ਲੱਗਣ ਲੱਗੀਆਂ ਹਨ।
ਸਰਕਾਰੀ ਪੱਖ ਹੈ ਕਿ ਆੜ੍ਹਤੀਏ ਨੇ ਇੱਕੋ ਜ਼ਮੀਨ ਦੀਆਂ ਡਬਲ ਐਂਟਰੀਆਂ ਪਾ ਦਿੱਤੀਆਂ ਹਨ। ਚੇਤੇ ਰਹੇ ਕਿ ਇਸ ਵਾਰ ਕੇਂਦਰ ਸਰਕਾਰ ਨੇ 171 ਲੱਖ ਮੀਟਰਕ ਟਨ ਝੋਨਾ ਖਰੀਦਣ ਦਾ ਟੀਚਾ ਤੈਅ ਕੀਤਾ ਸੀ, ਜਦਕਿ ਪੰਜਾਬ ਵਿੱਚੋਂ 185 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪੰਜਾਬ ਸਰਕਾਰ ਇਸ ਵਾਰ ਕਾਫ਼ੀ ਸਖ਼ਤ ਸੀ ਕਿ ਬਾਹਰੀ ਸੂਬਿਆਂ ਵਿੱਚੋਂ ਕਿਸੇ ਵੀ ਸੂਰਤ ਵਿੱਚ ਝੋਨਾ ਪੰਜਾਬ ਵਿੱਚ ਦਾਖਲ ਨਾ ਹੋਵੇ। ਹਰਿਆਣਾ ਵਿੱਚ ਐਤਕੀਂ ਖਰੀਦ ਘਟੀ ਹੈ ਅਤੇ ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਇਹ ਝੋਨਾ ਪੰਜਾਬ ਵਿੱਚ ਵਿਕਿਆ ਹੋਵੇਗਾ।
ਜਿਨ੍ਹਾਂ ਕਿਸਾਨਾਂ ਦੀ ਸਰਕਾਰੀ ਪੋਰਟਲ ਵਿੱਚ ‘ਰੈੱਡ ਐਂਟਰੀ’ ਪੈ ਗਈ ਹੈ, ਉਨ੍ਹਾਂ ਦੀ ਜਿਣਸ ਦੀ ਅਦਾਇਗੀ ਰੁਕ ਗਈ ਹੈ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜੇਕਰ ਮਾਲ ਮਹਿਕਮੇ ਦੇ ਰਿਕਾਰਡ ਦੀ ਖਾਮੀ ਕਰਕੇ ਅਜਿਹਾ ਵਾਪਰਿਆ ਹੈ ਤਾਂ ਇਸ ਦੀ ਸਜ਼ਾ ਪੰਜਾਬ ਸਰਕਾਰ ਕਿਸਾਨਾਂ ਨੂੰ ਕਿਉਂ ਦੇ ਰਹੀ ਹੈ? ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਦਾਇਗੀ ਨਾ ਹੋਣ ਕਰਕੇ ਅਗਲੀ ਫ਼ਸਲ ਦੇ ਪ੍ਰਬੰਧ ਕਰਨੇ ਔਖੇ ਹੋਏ ਪਏ ਹਨ।
ਗਲਤੀ ਕਿਸੇ ਦੀ, ਭੁਗਤੇ ਕੋਈ: ਚੀਮਾ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਾਲ ਵਿਭਾਗ ਦੀਆਂ ਖਾਮੀਆਂ ਦਾ ਖਮਿਆਜ਼ਾ ਕਿਸਾਨਾਂ ਤੇ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਐਤਕੀਂ ਪੰਜਾਬ ਵਿੱਚ ਬਾਹਰੋਂ ਝੋਨੇ ਦੀ ਫ਼ਸਲ ਨਹੀਂ ਆਈ ਹੈ ਅਤੇ ਹੁਣ ਸਰਕਾਰ ਨੇ ਸ਼ੱਕੀ ਐਂਟਰੀਆਂ ਆਖ ਕੇ ਕਿਸਾਨਾਂ ਦੀ ਅਦਾਇਗੀ ਰੋਕ ਲਈ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਤੋਂ ਵੱਧ ਕਿਸੇ ਵੀ ਕਿਸਾਨ ਨੇ ਫ਼ਸਲ ਨਹੀਂ ਵੇਚੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫੌਰੀ ਕਿਸਾਨਾਂ ਦੀ ਅਦਾਇਗੀ ਜਾਰੀ ਕਰੇ।