ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਪਰੈਲ
ਇਥੋਂ ਦੇ ਕਸਬਾ ਬਾਘਾਪੁਰਾਣਾ ਦੇ ਲੱਕੜ ਮਿਸਤਰੀ ਦਾ ਕੰਮ ਕਰਦੇ ਨੌਜਵਾਨ ਵੱਲੋਂ ਜੁਗਾੜ ਲਾ ਕੇ ਤਿਆਰ ਕੀਤੀ ਦੋ ਸੀਟਾਂ ਵਾਲੀ ਲੱਕੜ ਦੀ ਛੋਟੀ ਨੈਣੋ ਕਾਰ ਲੋਕਾਂ ਦੀ ਖਿੱਚ ਬਣੀ ਹੋਈ ਹੈ। ਇਸ ਕਾਰ ਨੂੰ ਐਕਟਿਵਾ ਸਕੂਟਰੀ ਦਾ ਇੰਜਣ ਤੇ ਮਾਰੂਤੀ ਦਾ ਸਟੇਰਿੰਗ ਲਗਾਇਆ ਗਿਆ ਹੈ।
ਨੌਜਵਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਲੱਕੜ ਮਿਸਤਰੀ ਹੈ ਅਤੇ ਉਨ੍ਹਾਂ ਦੇ ਨਿਆਣੇ ਖੇਡਣ ਲਈ ਕਾਰ ਦੀ ਮੰਗ ਕਰਦੇ ਸਨ ਤਾਂ ਉਸ ਨੇ ਲੱਕੜ ਦੀ ਬਾਡੀ ਵਾਲੀ ਤੇ ਪੈਟਰੋਲ ਉੱਤੇ ਚਲਣ ਵਾਲੀ ਕਾਰ ਤਿਆਰ ਕਰ ਲਈ। ਉਸ ਨੇ ਕਿਹਾ ਕਿ ਇਸ ਕਾਰ ਨੂੰ ਐਕਟਿਵਾ ਸਕੂਟਰੀ ਦਾ ਇੰਜਣ ਅਤੇ ਮਾਰੂਤੀ ਕਾਰ ਦਾ ਸਟੇਰਿੰਗ ਲਗਾਇਆ ਗਿਆ ਅਤੇ ਟਾਇਰ ਮੋਟਰਸਾਈਕਲ ਵਾਲੇ ਲਗਾਏ ਗਏ ਹਨ। ਇਸ ਖਿਡੌਣਾ ਕਾਰ ਵਿੱਚ ਦੋ ਲੋਕਾਂ ਦੇ ਬੈਠਣ ਦੀ ਸਹੂਲਤ ਹੈ। ਨੌਜਵਾਨ ਨੇ ਕਿਹਾ ਕਿ ਕਾਰ ਮੋਟਰ ਵਹੀਕਲ ਐਕਟ ਅਤੇ ਟਰੈਫ਼ਿਕ ਨਿਯਮਾਂ ਕਾਰਨ ਇਹ ਕਾਰ ਸੜ੍ਹਕ ਉੱਤੇ ਨਹੀਂ ਬਲਕਿ ਖੇਡ ਮੈਦਾਨ ਵਿੱਚ ਹੀ ਚਲਾਈ ਜਾਂਦੀ ਹੈ। ਨੌਜਵਾਨ ਮੁਤਾਬਕ ਉਹ ਕੁਝ ਸਾਲ ਪਹਿਲਾਂ ਸ਼ਿਮਲਾ ਗਿਆ ਸੀ ਅਤੇ ਉਥੋਂ ਦੇ ਲੱਕੜ ਬਾਜ਼ਾਰ ਵਿਚੋ ਆਪਣੇ ਬੇਟੇ ਲਈ ਲੱਕੜ ਦੀ ਖਿਡੌਣਾ ਕਾਰ ਖਰੀਦ ਕੇ ਲਿਆਇਆ ਸੀ।
ਇਕ ਦਿਨ ਉਸ ਦੇ ਪੁੱਤ ਨੇ ਸਵਾਲ ਪੁੱਛਿਆ ਕੀ ਪਾਪਾ ਇਹ ਕਾਰ ਸੜਕ ਉਤੇ ਨਹੀ ਚਲ ਸਕਦੀ। ਇਸ ਮਗਰੋਂ ਉਸ ਨੇ ਮਨ ਵਿੱਚ ਕਾਰ ਬਣਾਉਣ ਦੀ ਠਾਣ ਲਈ। ਕਰੋਨਾ ਮਹਾਮਾਰੀ ਦੌਰਾਨ ਘਰ ਵਿੱਚ ਹੀ ਰਹਿਣ ਕਰ ਕੇ ਉਸ ਨੇ ਇਹ ਜੁਗਾੜੂ ਕਾਰ ਤਿਆਰ ਕਰ ਲਈ। ਉਸ ਨੇ ਦਾਅਵਾ ਕੀਤਾ ਕਿ ਇਹ ਕਾਰ ਇਕ ਲਿਟਰ ਪੈਟਰੋਲ ਨਾਲ 32 ਕਿਲੋਮੀਟਰ ਦਾ ਪੈਂਡਾ ਤੈਅ ਕਰ ਸਕਦੀ ਹੈ। ਸੋਸ਼ਲ ਮੀਡੀਆ ਉੱਤੇ ਵੀ ਕਾਰ ਦੀ ਕਹਾਣੀ ਵਾਇਰਲ ਹੋ ਰਹੀ ਹੈ।