ਮਨੋਜ ਸ਼ਰਮਾ
ਬਠਿੰਡਾ, 28 ਫਰਵਰੀ
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਨਵੇਂ ਘੋੜਿਆਂ ਨਾਲ ਆਮਦਨ ਕਰੀਬ ਪੰਜਾਹ ਕਰੋੜ ਰੁਪਏ ਮਹੀਨਾ ਤਕ ਪੁੱਜ ਗਈ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਮੌਜੂਦਾ ਸਮਾਂ ਸਾਰਨੀ ’ਤੇ ਝਾਤ ਮਾਰੀ ਜਾਵੇ ਤਾਂ ਫਲੀਟ ਵਿੱਚ ਨਵੀਆਂ ਬੱਸਾਂ ਨੂੰ ਜੋੜਨ ਤੇ ਸੁਧਾਰੀ ਗਈ ਸਮਾਂ ਸਾਰਨੀ ਨੇ ਰਾਜ ਵਿੱਚ ਪੀਆਰਟੀਸੀ ਦੇ ਮਾਲੀਏ ਵਿੱਚ ਕਾਫੀ ਵਾਧਾ ਕੀਤਾ ਹੈ। ਟਰਾਂਸਪੋਰਟ ਕਾਰਪੋਰੇਸ਼ਨ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਆਪਣੇ ਨੌਂ ਡਿਪੂਆਂ ਵਿੱਚ ਪੜਾਅਵਾਰ 140 ਨਵੀਆਂ ਬੱਸਾਂ ਨੂੰ ਸ਼ਾਮਲ ਕੀਤਾ ਹੈ ਜਿਸ ਨਾਲ ਵਿੱਤੀ ਹਾਲਤ ਸੁਧਰੀ ਹੈ। ਪਟਿਆਲਾ ਸਥਿਤ ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਨਵੀਆਂ ਬੱਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਕਾਰਪੋਰੇਸ਼ਨ ਨੂੰ 1.20 ਤੋਂ 1.50 ਕਰੋੜ ਰੁਪਏ ਦੀ ਰੋਜ਼ਾਨਾ ਆਮਦਨ ਹੋ ਰਹੀ ਸੀ ਜੋ ਹੁਣ 1.50 ਤੋਂ 2.00 ਕਰੋੜ ਰੁਪਏ ਰੋਜ਼ਾਨਾ ਹੋ ਰਹੀ ਹੈ। ਪੀਆਰਟੀਸੀ ਦੀ ਔਸਤਨ ਆਮਦਨ ਕਰੀਬ 50 ਕਰੋੜ ਰੁਪਏ ਮਹੀਨਾ ਤੱਕ ਪਹੁੰਚ ਗਈ ਹੈ।
ਪੀਆਰਟੀਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਸਾਲ ਰਾਜ ਵਿੱਚ ਪੀਆਰਟੀਸੀ ਦੀ ਆਮਦਨੀ ਦਾ ਮੁੱਖ ਕਾਰਨ ਸਿਰਫ਼ ਨਵੀਆਂ ਬੱਸਾਂ ਨਹੀਂ ਹਨ। ਟਰਾਂਸਪੋਰਟ ਵਿਭਾਗ ਨੇ ਟੈਕਸ ਚੋਰੀ ਕਰਨ ਵਾਲੇ ਪ੍ਰਾਈਵੇਟ ਬੱਸ ਅਪਰੇਟਰਾਂ ’ਤੇ ਸ਼ਿਕੰਜਾ ਕੱਸਿਆ, ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ, ਨਵੀਂ ਸਮਾਂ ਸਾਰਨੀ ਲਾਗੂ ਕੀਤੀ ਗਈ ਅਤੇ ਪੀਆਰਟੀਸੀ ਬੱਸਾਂ ਨੂੰ ਨਵੇਂ ਪਰਮਿਟ ਦਿੱਤੇ ਗਏ। ਇਸ ਕਾਰਨ ਰਾਜਸੀ ਪਹੁੰਚ ਰੱਖਦੇ ਕੁਝ ਨਿੱਜੀ ਬੱਸ ਅਪਰੇਟਰਾਂ ਦਾ ਏਕਾਧਿਕਾਰ ਖਤਮ ਹੋਇਆ।
ਮਾਰਚ ਦੇ ਅਖੀਰ ਤਕ ਮਿਲਣਗੀਆਂ 31 ਨਵੀਆਂ ਬੱਸਾਂ
ਜਾਣਕਾਰੀ ਅਨੁਸਾਰ ਪੀਆਰਟੀਸੀ 31 ਹੋਰ ਬੱਸਾਂ ਜੋੜਨ ਲਈ ਤਿਆਰ ਹੈ ਜੋ ਮਾਰਚ ਦੇ ਤੀਜੇ ਹਫ਼ਤੇ ਤੋਂ ਬਾਅਦ ਸੜਕਾਂ ’ਤੇ ਆਉਣ ਦੀ ਸੰਭਾਵਨਾ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਵਿੱਚ ਰੋਜ਼ਾਨਾ ਮਾਲੀਆ ਉਗਰਾਹੀ ਵਿੱਚ 10 ਲੱਖ ਰੁਪਏ ਦਾ ਵਾਧਾ ਹੋਇਆ ਹੈ। ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਨੀਤ ਸ਼ੇਰਗਿੱਲ ਨੇ ਕਿਹਾ ਕਿ ਪਹਿਲਾਂ ਕਈ ਰੂਟ ਬੰਦ ਸਨ, ਹੁਣ ਨਵੀਆਂ ਬੱਸਾਂ ਦੇ ਨਾਲ ਵੱਧ ਰੂਟ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰ ਵਿੱਤੀ ਸਾਲ ਤੋਂ ਬਾਅਦ ਬੱਸਾਂ ਦੀ ਨਵੀਂ ਫਲੀਟ ਸ਼ੁਰੂ ਕਰਨ ਦੀ ਯੋਜਨਾ ਹੈ।