ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ/ਲੁਧਿਆਣਾ, 2 ਸਤੰਬਰ
ਆਬਕਾਰੀ ਵਿਭਾਗ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਅੱਜ ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹੇ ’ਚ ਨਾਜਾਇਜ਼ ਲਾਹਣ ਅਤੇ ਐਕਸਟਰਾ ਨਿਊਟਰਲ ਅਲਕੋਹਲ ਬਰਾਮਦ ਕੀਤਾ ਹੈ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ਅਤੇ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕਰਦਿਆਂ ਟੈਂਕਰ ਜ਼ਬਤ ਕੀਤਾ ਜਿਸ ਵਿਚ 35000 ਲਿਟਰ ਈਐਨਏ ਸੀ ਤੇ ਇਸ ਦੀ ਕੀਮਤ ਲਗਪਗ 3.5 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਲੁਧਿਆਣਾ ਪੱਛਮੀ ਤੇ ਪੂਰਬੀ ਦੀ ਆਬਕਾਰੀ ਟੀਮ ਨੇ 1,45,000 ਲਿਟਰ ਲਾਹਣ ਬਰਾਮਦ ਕਰਕੇ ਨਸ਼ਟ ਕਰਵਾਇਆ। ਸਤਲੁਜ ਦਰਿਆ ਦੇ ਕੰਢਿਆਂ ’ਤੇ ਗੈਰ-ਕਾਨੂੰਨੀ ਸ਼ਰਾਬ ਕੱਢਣ ’ਤੇ ਰੋਕ ਲਗਾਉਣ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਸਵੇਰੇ ਪੰਜ ਵਜੇ ਤੋਂ ਤਲਾਸ਼ੀ ਮੁਹਿੰਮ ਚਲਾਈ ਗਈ। ਐਕਸਾਈਜ਼ ਵਿਭਾਗ ਦੀ ਟੀਮ ਨੇ ਇਹ ਜਾਂਚ ਡਰੋਨ ਜ਼ਰੀਏ ਕੀਤੀ। ਇਨ੍ਹਾਂ ਟੀਮਾਂ ਨੇ 27 ਕਿਲੋਮੀਟਰ ਇਲਾਕੇ ਦੀ ਡਰੋਨ ਨਾਲ ਜਾਂਚ ਕੀਤੀ।
ਇਸ ਤੋਂ ਇਲਾਵਾ ਸਾਂਝੀਆਂਟੀਮਾਂ ਨੇ ਬਨੂੜ ਨੇੜੇ ਟੈਂਕਰ ਨੂੰ ਰੋਕਿਆ। ਇਸ ਵਿਚਲੀ ਈਐਨਏ ਗੋਆ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਟੈਂਕਰ ਦਾ ਮਾਲਕ ਈਐਨਏ ਰਾਜਪੁਰਾ ਵਿਚ ਚੋਰੀ ਵੇਚਦਾ ਸੀ ਅਤੇ ਬਾਕੀ ਦੀ ਖੇਪ ਇੱਕ ਵਿਚੋਲੇ ਰਾਹੀਂ ਚੰਡੀਗੜ੍ਹ ਦੇ ਬੌਟਲਿੰਗ ਪਲਾਂਟਾਂ ਨੂੰ ਵੇਚਦਾ ਸੀ। ਪੁਲੀਸ ਨੇ ਟਰਾਂਸਪੋਰਟਰ ਜਵਾਹਰ ਸਿੰਘ, ਉਸ ਦੇ ਸਾਥੀ ਸੰਜੀਵ ਕੁਮਾਰ, ਨਿਸ਼ਾਂਤ, ਵਰਿੰਦਰ ਚੌਹਾਨ ਅਤੇ ਗੁਰਚਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਟੀਮਾਂ ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਗਏ।