ਪਾਲ ਸਿੰਘ ਨੌਲੀ
ਜਲੰਧਰ, 13 ਸਤੰਬਰ
ਕਰੋਨਾ ਦੇ ਮੱਦੇਨਜ਼ਰ ਸਖਤ ਸੁਰੱਖਿਆ ਦੇ ਪ੍ਰਬੰਧਾਂ ਹੇਠ ਨੀਟ ਸ਼ੁਰੂ ਹੋ ਗਈ। ਨੀਟ ਵਾਸਤੇ ਜਲੰਧਰ ਵਿੱਚ 5 ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਚਾਰ ਕੇਂਦਰ ਜਲੰਧਰ ਸ਼ਹਿਰ ਦੇ ਕਾਲਜਾਂ ਦੇ ਸਕੂਲਾਂ ਵਿੱਚ ਹਨ ਜਦ ਕਿ ਇੱਕ ਆਦਮਪੁਰ ਵਿੱਚ ਹੈ। ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਸਾਈਨੇਟਾਈਜ਼ਰ ਤੇ ਮਾਸਕਾਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਪੰਜਾਬ ਸਰਾਕਰ ਨੇ ਅੱਜ ਨੀਟ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਹੂਲਤ ਲਈ ਆਮ ਦਿਨਾਂ ਨਾਲੋਂ ਜ਼ਿਆਦਾ ਬੱਸਾਂ ਚਲਾਉਣ ਦਾ ਪ੍ਰਬੰਧ ਕੀਤਾ ਸੀ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਸਰਕਾਰੀ ਬੱਸਾਂ ਵਿੱਚ ਆਉਣ ਦੀ ਥਾਂ ਆਪਣੇ ਨਿੱਜੀ ਵਾਹਨਾਂ ਵਿੱਚ ਆਉਣ ਨੂੰ ਤਰਜੀਹ ਦਿੱਤੀ। ਪ੍ਰੀਖਿਆ ਦੇਣ ਆਏ ਵਿਦਿਆਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਨਾਲ ਆਏ ਹੋਏ ਸਨ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੀਟ ਵਿਦਿਆਰਥੀਆਂ ਦਾ ਇੰਤਜ਼ਾਰ ਕਰਦੀਆਂ ਹੀ ਰਹਿ ਗਈਆਂ। ਐਤਵਾਰ ਸਵੇਰ ਤੋਂ ਹੀ ਜਲੰਧਰ ਦੇ ਅੰਤਰਰਾਜ਼ੀ ਬੱਸ ਸਟੈਂਡ ’ਤੇ ਪੰਜਾਬ ਰੋਡਵੇਜ਼ ਵੱਲੋਂ ਬੱਸਾਂ ਖੜੀਆਂ ਕਰਵਾ ਦਿੱਤੀਆਂ ਗਈਆਂ ਸਨ ਪਰ ਦੁਪਹਿਰ ਤੱਕ ਬੱਸਾਂ ਵਿਦਿਆਰਥੀਆਂ ਦਾ ਇੰਤਜ਼ਾਰ ਹੀ ਕਰਦੀਆਂ ਰਹੀਆਂ ਪਰ ਵਿਦਿਆਰਥੀ ਬੱਸ ਸਟੈਂਡ ਨਹੀਂ ਪਹੁੰਚੇੇ।