ਜੋਗਿੰਦਰ ਸਿੰਘ ਮਾਨ
ਮਾਨਸਾ, 30 ਜਨਵਰੀ
ਸੱਤਾਧਾਰੀ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣ ਵੇਲੇ ਬੇਸ਼ੱਕ ਭਾਈ-ਭਤੀਜਾਵਾਦ ਨਾ ਚੱਲਣ ਦਾ ਦਾਅਵਾ ਕੀਤਾ ਸੀ ਪਰ ਮਾਲਵਾ ਖੇਤਰ ਵਿੱਚ ਮਾਨਸਾ ਜ਼ਿਲ੍ਹੇ ਸਮੇਤ ਕਈ ਸੀਟਾਂ ਉੱਤੇ ਕਾਂਗਰਸੀ ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਇਸ ਵਾਰ ਟਿਕਟਾਂ ਦਿੱਤੀਆਂ ਗਈਆਂ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਵਿੱਚ ਤਿੰਨ ਵਿੱਚੋਂ ਦੋ ਵਿਧਾਨ ਸਭਾ ਹਲਕਿਆਂ ਉੱਪਰ ਕਾਂਗਰਸੀ ਆਗੂ ਆਪਣੇ ਨਜ਼ਦੀਕੀਆਂ ਨੂੰ ਹੀ ਟਿਕਟਾਂ ਦਿਵਾਉਣ ਵਿੱਚ ਸਫ਼ਲ ਹੋ ਗਏ ਹਨ। ਜ਼ਿਲ੍ਹੇ ਦੀ ਸਰਦੂਲਗੜ੍ਹ ਸੀਟ ਤੋਂ ਇਸ ਵਾਰ ਅਜੀਤ ਇੰਦਰ ਸਿੰਘ ਮੋਫ਼ਰ ਦੀ ਥਾਂ ਉਨ੍ਹਾਂ ਦੇ ਪੁੱਤਰ ਬਿਕਰਮ ਸਿੰਘ ਮੋਫ਼ਰ ਚੋਣ ਲੜਨ ਜਾ ਰਹੇ ਹਨ, ਜੋ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਜੀਜਾ ਹਨ। ਉਹ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੀ ਬੁਢਲਾਡਾ ਵਿਧਾਨ ਸਭਾ ਹਲਕੇ (ਰਿਜ਼ਰਵ) ਤੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਡਾ. ਰਣਬੀਰ ਕੌਰ ਮੀਆਂ ਨੂੰ ਉਤਾਰਿਆ ਗਿਆ ਹੈ, ਜੋ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਰਹੂਮ ਹਾਕਮ ਸਿੰਘ ਮੀਆਂ ਦੀ ਪੋਤ-ਨੂੰਹ ਹੈ। ਸ੍ਰੀ ਮੀਆਂ ਆਪਣੇ ਵੇਲੇ ਇੰਦਰਾ ਗਾਂਧੀ ਅਤੇ ਬਾਅਦ ਵਿੱਚ ਰਾਜੀਵ ਗਾਂਧੀ ਦੇ ਨਜ਼ਦੀਕੀ ਰਹੇ ਹਨ।ਕਾਂਗਰਸ ਦੀ ਹੁਣ ਤੱਕ ਜਾਰੀ ਹੋਈ 117 ਉਮੀਦਵਾਰਾਂ ਦੀ ਸੂਚੀ ਨੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਜ਼ਿਆਦਾਤਰ ਕਾਂਗਰਸ ਦੇ ਵੱਡੇ ਆਗੂ ਖੁਦ ਚੋਣ ਨਹੀਂ ਲੜ ਰਹੇ ਹਨ, ਸਗੋਂ ਉਨ੍ਹਾਂ ਨੇ ਆਪਣੇ ਸਕੇ-ਸਬੰਧੀਆਂ ਨੂੰ ਹੀ ਚੋਣ ਮੈਦਾਨ ਵਿੱਚ ਉਮੀਦਵਾਰ ਵਜੋਂ ਉਤਾਰਿਆ ਹੋਇਆ ਹੈ। ਪੰਜਾਬ ਵਿੱਚ ਲਗਪਗ 18 ਸੀਟਾਂ ਅਜਿਹੀਆਂ ਹਨ, ਜਿੱਥੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਪੁੱਤ-ਧੀ ਅਤੇ ਭਤੀਜੇ, ਹੀ ਟਿਕਟਾਂ ਲੈਣ ਵਿੱਚ ਸਫ਼ਲ ਹੋਏ ਹਨ ਅਤੇ ਇਨ੍ਹਾਂ ਵਿੱਚੋਂ 10 ਇਕੱਲੇ ਮਾਲਵਾ ਖੇਤਰ ਵਿੱਚ ਹਨ। ਪੰਜਾਬ ਦੇ ਤਿੰਨ ਤੋਂ ਵੱਧ ਕਾਂਗਰਸੀ ਆਗੂ ਆਪਣੇ ਬੱਚਿਆਂ ਨੂੰ ਟਿਕਟ ਨਹੀਂ ਦਿਵਾ ਸਕੇ ਹਨ, ਜਿੱਥੇ ਬਗਾਵਤ ਹੋਣ ਦੀ ਸੰਭਾਵਨਾ ਬਣ ਗਈ ਹੈ। ਸੂਚੀ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਆਪਣੇ ਜਵਾਈ ਬਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਅਬੋਹਰ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਿਵਾ ਗਏ ਹਨ, ਜਦਕਿ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਭਤੀਜੇ ਸੁਮਿਤ ਸਿੰਘ ਨੂੰ ਅਮਰਗੜ੍ਹ ਤੋਂ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਹੋ ਗਏ ਹਨ। ਇਸੇ ਤਰ੍ਹਾਂ ਸੁਰਜੀਤ ਸਿੰਘ ਧੀਮਾਨ ਆਪਣੇ ਪੁੱਤਰ ਜਸਵਿੰਦਰ ਸਿੰਘ ਨੂੰ ਸੁਨਾਮ ਤੋਂ, ਸੀਨੀਅਰ ਕਾਂਗਰਸੀ ਨੇਤਾ ਲਾਲ ਸਿੰਘ ਆਪਣੇ ਪੁੱਤਰ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ, ਗੁਰਨਾਮ ਸਿੰਘ ਅਬਲਖੁਰਾਣਾ ਆਪਣੇ ਪੁੱਤਰ ਜਗਪਾਲ ਸਿੰਘ ਨੂੰ ਲੰਬੀ ਤੋਂ, ਚੌਧਰੀ ਚਰਨ ਸਿੰਘ ਆਪਣੇ ਪੁੱਤਰ ਬਿਕਰਮ ਚੌਧਰੀ ਨੂੰ ਸਮਰਾਲਾ ਤੋਂ, ਅਮਰ ਸਿੰਘ ਆਪਣੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਰਾਏਕੋਟ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਆਪਣੇ ਪੁੱਤਰ ਮੁਨੀਸ਼ ਬਾਂਸਲ ਨੂੰ ਬਰਨਾਲਾ ਤੋਂ ਟਿਕਟ ਦਿਵਾਉਣ ’ਚ ਕਾਮਯਾਬ ਰਹੇ ਹਨ।