ਪੱਤਰ ਪ੍ਰੇਰਕ
ਫਿਲੌਰ, 20 ਸਤੰਬਰ
ਫਿਲੌਰ-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਰੇਲ ਹਾਦਸੇ ਦਾ ਸ਼ਿਕਾਰ ਹੋਏ ਦੋ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਆਰੰਭੇ ਸੰਘਰਸ਼ ਦੇ ਪੰਜਵੇਂ ਦਿਨ ਪ੍ਰਸ਼ਾਸਨ ਵਲੋਂ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਦੇ ਚੈੱਕ ਦੇਣ ਨਾਲ ਅੰਦੋਲਨ ਸਮਾਪਤ ਕਰ ਦਿੱਤਾ ਗਿਆ। ਇਨ੍ਹਾਂ ਪੰਜਾਂ ਦਿਨਾਂ ਦੌਰਾਨ ਵੀ ਇੱਕ ਦਿਨ ਜੀਟੀ ਰੋਡ ਨੂੰ ਜਾਮ ਕੀਤਾ ਗਿਆ ਸੀ ਅਤੇ ਅੱਜ ਫਿਰ ਜੀਟੀ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਲੰਘੇ ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਫੇਲ੍ਹ ਹੋ ਗਈ। ਅੱਜ ਫਿਰ ਗੱਲਬਾਤ ਦਾ ਇੱਕ ਹੋਰ ਦੌਰ ਚੱਲਿਆ, ਜਿਸ ਦਾ ਵੀ ਨਤੀਜਾ ਨਹੀਂ ਨਿਕਲ ਸਕਿਆ। ਜਦੋਂ ਕਾਰਕੁਨਾਂ ਦੇ ਕਾਫ਼ਲੇ ਜੀਟੀ ਰੋਡ ਵੱਲ ਵੱਧੇ ਤਾਂ ਜਾਮ ਲੱਗੇ ਨੂੰ ਹਾਲੇ ਕੁਝ ਸਮਾਂ ਹੀ ਹੋਇਆ ਸੀ ਤਾਂ ਆਗੂਆਂ ਨੂੰ ਅਧਿਕਾਰੀਆਂ ਵਲੋਂ ਆਏ ਇੱਕ ਫ਼ੋਨ ਕਾਲ ਨੇ ਜਾਮ ਖੁੱਲ੍ਹਵਾ ਦਿੱਤਾ। ਇਸ ਅਧਿਕਾਰੀ ਵਲੋਂ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸੜਕ ਕਿਨਾਰੇ ਲੱਗੀ ਸਟੇਜ ਦੌਰਾਨ ਏਡੀਸੀ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ ਅਤੇ ਹੋਰ ਅਧਿਕਾਰੀਆਂ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪ ਦਿੱਤੇ ਜਿਸ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।