ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 2 ਦਸੰਬਰ
ਪੰਜਾਬ ਕਾਂਗਰਸ ਵੱਲੋਂ ਕਸਬਾ ਕਾਹਨੂੰਵਾਨ ਤੋਂ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਮਾਝੇ ਦੀ ਧਰਤੀ ਤੋਂ ਦਾਣਾ ਮੰਡੀ ਕਾਹਨੂੰਵਾਨ ਵਿਖੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਰੈਲੀ ਦਾ ਕਰਵਾ ਕੇ ਇਸ ਦਾ ਆਗਾਜ਼ ਕਰਵਾਇਆ। ਰੈਲੀ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਅਤੇ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨੀ ਨੂੰ ਕੋਆਪ੍ਰੇਟਿਵ ਸਿਸਟਮ ਅਧੀਨ ਲਿਆ ਕੇ ਸਮੁੱਚਾ ਕਿਸਾਨ ਵਰਗ ਨੂੰ ਕਾਰਪੋਰੇਟ ਘਰਾਨਿਆਂ ਤੋਂ ਮੁਕਤ ਕਰਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਐੱਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਪੰਜਾਬ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਸਬੂਤ ਹੈ। ਇਸ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ ਹਲਕਾ ਕਾਦੀਆਂ ਦੇ ਵੋਟਰਾਂ ਨੇ ਹਮੇਸ਼ਾ ਬਾਜਵਾ ਪਰਿਵਾਰ ਨੂੰ ਵੱਡੀਆਂ ਜਿੱਤਾਂ ਦਾ ਮਾਣ ਦਿੱਤਾ ਹੈ। ਇਸ ਮੌਕੇ ਜਾਟ ਮਹਾਂ ਸਭਾ ਦੇ ਹਰਪਾਲ ਸਿੰਘ ਹਰਪੁਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ।