ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਸੰਕਟ ਬਾਰੇ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੈਂਪਸ ਵਿੱਚ ਬੁੱਧੀਜੀਵੀਆਂ ਨੇ ਵਿਚਾਰ-ਚਰਚਾ ਕੀਤੀ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਹਿੰਦੂ ਰਾਸ਼ਟਰਵਾਦੀ ਸਿਆਸਤ ਤੇ ਫਾਸ਼ੀਵਾਦ ਰੁਝਾਨਾਂ ਨੂੰ ਹਰਾਉਣ ਲਈ ਫੈਡਰਲ ਸਿਆਸਤ ਨੂੰ ਉਭਾਰਨ ਲਈ ਮਤਾ ਪੇਸ਼ ਕੀਤਾ। ਇਸ ਮਤੇ ਨੂੰ ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੈਂਪਸ ਵਿੱਚ ਇਕੱਠੇ ਹੋਏ ਕਿਸਾਨ ਆਗੂਆਂ, ਜਮਹੂਰੀ ਕਾਰਕੁਨਾਂ ਅਤੇ ਸਿੱਖ ਚਿੰਤਕਾਂ ਦੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਸਾਲ ਤੋਂ ਲੰਮੇਰੇ ਲੜੇ ਕਾਮਯਾਬ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਜਮਹੂਰੀ ਤੇ ਸ਼ਾਂਤਮਈ ਜੱਦੋਜਹਿਦ ਅੜੀਅਲ ਤੇ ਤਾਕਤਵਰ ਹਾਕਮਾਂ ਨੂੰ ਵੀ ਝੁਕਾ ਦਿੰਦੀ ਹੈ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਦਾ ਇਕ ਹਿੱਸਾ, ਜਿਸ ਨੇ ਕਿਸਾਨ ਅੰਦੋਲਨ ਨੂੰ ਤੋੜਨ ਲਈ ਵਾਹ ਲਾਈ ਤੇ ਭੜਕਾਊ ਰੋਲ ਨਿਭਾਇਆ ਸੀ, ਉਹ ਪੁਰਾਣੇ ਤਜਰਬੇ ਤੋਂ ਕੁਝ ਨਹੀਂ ਸਿੱਖਿਆ। ਹੁਣ ਫਿਰ ਗਰਮ ਨਾਅਰਿਆਂ ਦੀ ਸਿਆਸਤ ਰਾਹੀਂ, ਸਮਾਜ ਵਿੱਚ ਭੜਕਾਹਟ ਪੈਦਾ ਕਰ ਕੇ ਵੰਡੀਆਂ ਪਾ ਰਿਹਾ ਹੈ। ਉਨ੍ਹਾਂ ਦੀ ਮੌਕਾਪ੍ਰਸਤ ਸਿਆਸਤ, ਹਿੰਦੂਤਵੀ ਰਾਜਨੀਤੀ ਦੇ ਹੱਕ ਵਿੱਚ ਹੀ ਭੁਗਤ ਰਹੀ ਹੈ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਦੁਬਾਰਾ ਬੰਦੂਕ ਦੀ ਸਿਆਸਤ ਦਾ ਬੰਨ੍ਹ ਬੰਨ੍ਹਿਆ ਜਾ ਰਿਹਾ ਹੈ। ‘ਆਜ਼ਾਦੀ’ ਦੇ ਝੂਠੇ ਦਮਗਜ਼ਿਆਂ ਵਿੱਚ ਲਪੇਟੀ ਸੁਫ਼ਨਸਾਜ਼ੀ ਸਿਆਸਤ ਰਾਹੀਂ ਪੰਜਾਬ ਵਿੱਚ ਫ਼ਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਸਿੱਖ ਚਿੰਤਕਾਂ ਨੇ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਤੇ ਬਾਅਦ ਵਿੱਚ ਦੇਸ਼ੀ ਹਾਕਮਾਂ ਨੇ ਸਿੱਖਾਂ ਨੂੰ ਹਮੇਸ਼ਾ ਹਥਿਆਰਬੰਦ ਟੱਕਰ ਦੇ ਰਾਹ ਪਾਇਆ, ਜਦੋਂਕਿ 1920 ਵਾਲੀ ਗੁਰਦੁਆਰਾ ਸੁਧਾਰ ਲਹਿਰ ਵੀ ਮੌਜੂਦਾ ਕਿਸਾਨ ਅੰਦੋਲਨ ਵਾਂਗ ਸ਼ਾਂਤਮਈ ਸੀ ਅਤੇ ਜੇਤੂ ਰਹੀ ਸੀ। ਮੌਜੂਦਾ ਸਿਆਸਤ ਨੂੰ ਸਮਝਣ ਅਤੇ ਟੱਕਰ ਲੈਣ ਲਈ 18ਵੀਂ ਸਦੀ ਦੀਆਂ ਰਣਨੀਤੀਆਂ ਉੱਤੇ ਟੇਕ ਰੱਖਣ ਦੀ ਬਜਾਇ ਸੋਚ-ਸਮਝ ਨੂੰ ਮਜ਼ਬੂਤ ਕਰਨ ਅਤੇ ਸੰਵਾਦ ਰਚਾਉਣ ਦੀ ਵੱਡੀ ਜ਼ਰੂਰਤ ਹੈ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਜਮਹੂਰੀਅਤ, ਫੈਡਰਲ ਅਤੇ ਲੋਕ-ਪੱਖੀ ਸਿਆਸਤ ਨੂੰ ਉਭਾਰਨ ਲਈ ਵਰਤਣਾ ਚਾਹੀਦਾ ਹੈ। ਇਸ ਮੌਕੇ ਰਾਜਵਿੰਦਰ ਸਿੰਘ ਰਾਹੀ, ਜਸਪਾਲ ਸਿੰਘ ਸਿੱਧੂ, ਗੁਰਦੀਪ ਸਿੰਘ, ਡਾ. ਸਵਰਨ ਸਿੰਘ, ਵਰਿੰਦਰਜੀਤ ਸਿੰਘ ਗੁਰਦਾਸਪੁਰ, ਹਰਿੰਦਰ ਸਿੰਘ ਜੀਰਾ, ਮੇਘਨਾਥ ਸਿੰਘ ਬਠਿੰਡਾ ਆਦਿ ਸ਼ਾਮਲ ਹੋਏ।