ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਸੀਪੀਆਈ (ਐੱਮ) ਦੇ ਜਨਰਲ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ ਸਥਾਨਕ ਸੈਕਟਰ 29-ਡੀ ਦੇ ਭਕਨਾ ਭਵਨ ਵਿੱਚ ਮਨਾਈ ਗਈ। ਇਸ ਮੌਕੇ ਸੀਪੀਆਈ (ਐੱਮ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਮੁੱਖ ਤੌਰ ’ਤੇ ਸ਼ਾਮਲ ਹੋਏ।
ਇਸ ਦੌਰਾਨ ਸੰਬੋਧਨ ਕਰਦਿਆਂ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਅੱਜ ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਫਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ। ਫਿਰਕੂ ਜ਼ਹਿਰ ਫੈਲਾਉਣ ਵਾਲਿਆਂ ਖ਼ਿਲਾਫ਼ ਲਾਮਬੰਦ ਹੋ ਕੇ ਲੜਾਈ ਲੜਨੀ ਹੋਵੇਗੀ ਤੇ ਇਹੋ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਆਰਐੱਸਐੱਸ ਵੱਲੋਂ ਇਕ ਏਜੰਡੇ ਤਹਿਤ ਫਿਰਕਾਪ੍ਰਸਤੀ ਦਾ ਵਾਤਾਵਰਨ ਸਿਰਜਿਆ ਜਾ ਰਿਹਾ ਹੈ ਤੇ ਇਸ ਦੀ ਜ਼ੱਦ ’ਚ ਘੱਟ ਗਿਣਤੀਆਂ ਨੂੰ ਲਿਆ ਜਾ ਰਿਹਾ ਹੈ। ਕਾਮਰੇਡ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ’ਤੇ ਹਮਲਾ ਹੋਇਆ ਹੈ। ਇਸ ਸਰਕਾਰ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਸਿਆਸੀ ਵਿਰੋਧੀਆਂ ਨੂੰ ਡਰਾਉਣ, ਦਬਾਉਣ ਅਤੇ ਆਪਣੇ ਨਾਲ ਜੋੜਨ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।
ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਨ੍ਹਾਂ ਦੀ ਝੋਲੀ 92 ਸੀਟਾਂ ਪਾਈਆਂ ਪਰ ਇਹ ਪਾਰਟੀ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰੀ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤ ਵਿਚਾਰਧਾਰਾ ਸਿਰਫ਼ ਕਮਿਊਨਿਸਟਾਂ ਕੋਲ ਹੀ ਹੈ। ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਬਲਬੀਰ ਸਿੰਘ ਜਾਡਲਾ, ਸੁੱਚਾ ਸਿੰਘ ਅਜਨਾਲਾ, ਗੁਰਨੇਕ ਸਿੰਘ ਭੱਜਲ, ਸੁਖਪ੍ਰੀਤ ਸਿੰਘ ਜੌਹਲ, ਰਾਮ ਸਿੰਘ ਨੁਰਪੂਰੀ, ਰੂਪ ਬਸੰਤ ਸਿੰਘ ਆਦਿ ਵੀ ਹਾਜ਼ਰ ਸਨ।