ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕਤੂਬਰ
ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਸੰਕਟ ਬਾਰੇ ਕੇਂਦਰੀ ਸਿੰਘ ਸਭਾ, ਗੁਰਮਤਿ ਲੋਕ ਧਾਰਾ ਵਿਚਾਰ ਮੰਚ, ਮਾਲਵਾ ਰਿਸਰਚ ਸੈਂਟਰ, ਜਾਗੋ ਇੰਟਰਨੈਸ਼ਨਲ ਅਤੇ ਪੰਜਾਬ ਹਿਤੈਸ਼ੀ ਸੰਸਥਾਵਾਂ ਵੱਲੋਂ ਨੌਂ ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ-28 ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਖੁੱਲ੍ਹਾ ਸੰਵਾਦ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਧਰਤੀ ਹੇਠਲਾ ਪਾਣੀ ਮੁੱਕਣ ਕੰਢੇ ਪਹੁੰਚ ਗਿਆ ਹੈ ਅਤੇ ਪੰਜਾਬ ਬੰਜਰ ਹੋਣ ਵੱਲ ਜਾ ਰਿਹਾ ਹੈ। ਪੰਜਾਬ ਦਾ ਬੌਧਿਕ ਵਰਗ ਹਾਲੇ ਤੱਕ ਪੰਜਾਬ ਨੂੰ ਸਨਮੁੱਖ ਬਹੁ-ਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਵਿੱਚ ਸਫ਼ਲ ਨਹੀਂ ਹੋ ਸਕਿਆ, ਇਸ ਦੇ ਨਤੀਜੇ ਵਜੋਂ ਪੰਜਾਬ ਇੱਕ ਯੋਗ ਬੌਧਿਕ ਅਗਵਾਈ ਤੋਂ ਵਾਂਝਾ ਰਹਿ ਰਿਹਾ ਹੈ। ਸ੍ਰੀ ਗਰਗ ਨੇ ਕਿਹਾ ਕਿ ਅੱਜ ਪੰਜਾਬ ਹਿਤੈਸ਼ੀਆਂ ਨੂੰ ਇਕੱਠੇ ਹੋ ਕੇ ਬਹੁ-ਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨੀ ਪਵੇਗੀ ਤੇ ਇਨ੍ਹਾਂ ਦੇ ਹੱਲ ਲੱਭਣੇ ਪੈਣਗੇ।
ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਕਿਸੇ ਵੇਲੇ ਆਰਥਿਕ ਤੌਰ ’ਤੇ ਕੁੱਲ ਘਰੇਲੂ ਉਤਾਪਦਨ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਪਹਿਲੇ ਨੰਬਰ ’ਤੇ ਰਹਿੰਦਾ ਸੀ ਪਰ ਅੱਜ ਦੂਜੇ ਸੂਬਿਆਂ ਦੇ ਮੁਕਾਬਲੇ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ। ਪੰਜਾਬ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ। ਪੰਜਾਬ ਤੋਂ ਅੱਜ ਵੱਡੇ ਪੱਧਰ ’ਤੇ ਸਰਮਾਏ ਦਾ ਨਿਕਾਸ ਹੋ ਰਿਹਾ ਹੈ ਅਤੇ ਪੰਜਾਬੀ ਵੀ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ।
ਇਸ ਮੌਕੇ ਪ੍ਰੋ. ਸ਼ਾਮ ਸਿੰਘ, ਪ੍ਰੋ. ਮਨਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਮਾਲਵਿੰਦਰ ਸਿੰਘ ਮਾਲੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਸ਼ਾਮਿਲ ਹੋਏ।