ਸੁਖਦੇਵ ਸਿੰਘ ਸੁੱਖ
ਅਜਨਾਲਾ, 6 ਮਾਰਚ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਅਤੇ ਡੈਮ ਦੇ ਸੁਰੱਖਿਆ ਪ੍ਰਬੰਧਾਂ ਵਿੱਚੋਂ ਪੰਜਾਬ ਪੁਲੀਸ ਨੂੰ ਹਟਾਉਣ ਦੇ ਫ਼ੈਸਲੇ ਖ਼ਿਲਾਫ਼ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਅਜਨਾਲਾ ਦੇ ਪਿੰਡ ਜੌਂਸ ਮੁਹਾਰ ਵਿੱਚ ਸਿਆਸੀ ਕਨਵੈਸ਼ਨ ਕੀਤੀ ਗਈ। ਇਸ ਮੌਕੇ ਹਾਜ਼ਰ ਕਿਸਾਨਾਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਕਨਵੈਨਸ਼ਨ ਦੀ ਪ੍ਰਧਾਨਗੀ ਕਿਸਾਨ ਆਗੂ ਸ਼ੀਤਲ ਸਿੰਘ ਤਲਵੰਡੀ, ਸਤਵਿੰਦਰ ਸਿੰਘ ਓਠੀਆਂ, ਬਲਕਾਰ ਸਿੰਘ ਜੌਂਸ, ਗੁਰਨਾਮ ਸਿੰਘ ਉਮਰਪੁਰਾ, ਅਰਜਨ ਸਿੰਘ ਹੁਸ਼ਿਆਰ ਨਗਰ, ਹਰਭਜਨ ਸਿੰਘ ਅਤੇ ਟਹਿਲ ਸਿੰਘ ਚੇਤਨਪੁਰਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਦੇਸ਼ ਵਿੱਚ ਸੰਘੀ ਢਾਂਚੇ ਨੂੰ ਖੋਰਾ ਲਗਾ ਕੇ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਨੇ ਬੀਐੱਸਐੱਫ ਦਾ ਘੇਰਾ ਕੌਮਾਂਤਰੀ ਸਰਹੱਦ ਤੋਂ 50 ਕਿਲੋਮੀਟਰ ਤੱਕ ਵਧਾਇਆ ਅਤੇ ਹੁਣ ਬੀਬੀਐੱਮਬੀ ਵਿੱਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕਰ ਦਿੱਤੀ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਸੰਘਰਸ਼ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਇਸਤਰੀ ਸਭਾ ਦੀ ਆਗੂ ਬੀਬੀ ਅਜੀਤ ਕੌਰ, ਸਰਪੰਚ ਦੀਵਾਨ ਸਿੰਘ, ਸਰਪੰਚ ਸੁਰਜੀਤ ਸਿੰਘ, ਕੁਲਵੰਤ ਸਿੰਘ, ਦੇਸਾ ਸਿੰਘ, ਭਿੰਡੀ ਔਲਖ, ਕੁਲਵੰਤ ਸਿੰਘ ਮੱਲੂਨੰਗਲ, ਖੁਸ਼ਪ੍ਰੀਤ ਸਿੰਘ ਕਲਾਨੌਰ, ਸਾਹਿਬ ਸਿੰਘ ਠੱਠੀ ਅਤੇ ਸੁਰਜੀਤ ਸਿੰਘ, ਰਜਿੰਦਰ ਸਿੰਘ ਭਲਾ ਪਿੰਡ ਅਤੇ ਸੁੱਚਾ ਸਿੰਘ ਨੇ ਸੰਬੋਧਨ ਕੀਤਾ।