ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਅਕਤੂਬਰ
ਮੁਹਾਲੀ ਅਤੇ ਆਸ-ਪਾਸ ਪਿੰਡਾਂ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ। ਮੁੱਖ ਮੰਤਰੀ ਭਗਵੰਤ ਮਾਨ ਇੱਥੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮਾਜ ਵਿੱਚ ਹਾਲੇ ਵੀ ਬਹੁਤ ਬੁਰਾਈਆਂ ਮੌਜੂਦ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਦੀ ਲੋੜ ਹੈ। ਪਹਿਲਾਂ ਲੜਕੀ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਸੀ ਪਰ ਹੁਣ ‘ਆਪ’ ਸਰਕਾਰ ਦੀ ਸਖ਼ਤੀ ਕਾਰਨ ਲਿੰਗ ਅਨੁਪਾਤ ਵਿੱਚ ਸੁਧਾਰ ਆਇਆ ਹੈ ਲੇਕਿਨ ਹਾਲੇ ਵੀ ਦਾਜ ਕਾਰਨ ਕੁੜੀਆਂ ਨੂੰ ਕਾਫ਼ੀ ਕੁਝ ਸਹਿਣਾ ਪੈਂਦਾ ਹੈ। ਇੰਜ ਹੀ ਮਹਿੰਗਾਈ, ਬੇਰੁਜ਼ਗਾਰੀ ਵੀ ਵੱਡੀ ਸਮੱਸਿਆ ਹੈ। ਇਹ ਸਾਰੀਆਂ ਬੁਰਾਈਆਂ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਸ਼ਹਿਰ ਨਾਲ ਸਾਂਝ ਬਾਰੇ ਸ੍ਰੀ ਮਾਨ ਨੇ ਕਿਹਾ, ‘‘ਮੁਹਾਲੀ ਮੇਰੇ ਲਈ ਬੇਗਾਨਾ ਨਹੀਂ ਹੈ, ਮੈਂ ਕੋਨੇ ਕੋਨੇ ਤੋਂ ਵਾਕਫ਼ ਹਾਂ।’’ ਦਸਹਿਰਾ ਕਮੇਟੀ ਵੱਲੋਂ ਗਰਾਊਂਡ ਦੀ ਮੰਗ ’ਤੇ ਮੁੱਖ ਮੰਤਰੀ ਨੇ ਆਖਿਆ, ‘‘ਮੈਨੂੰ ਭਲੀਭਾਂਤ ਪਤਾ ਸੀ ਕਿ ਦਸਹਿਰਾ ਗਰਾਊਂਡ ਲਈ ਮੰਗ ਉੱਠੇਗੀ। ਪਿਛਲੇ ਕੁਝ ਸਾਲਾਂ ਤੋਂ ਦਸਹਿਰਾ ਕਮੇਟੀ ਨੂੰ ਹਰ ਵਾਰੀ ਇਹ ਦੱਸਣਾ ਪੈਂਦਾ ਹੈ ਕਿ ਇਸ ਵਾਰ ਦਸਹਿਰਾ ਜਿੱਥੇ ਮਨਾਇਆ ਜਾਣਾ ਕਿਉਂਕਿ ਪਿਛਲੀ ਸਰਕਾਰ ਸਮੇਂ ਹੁਕਮਰਾਨਾਂ ਨੇ ਗਮਾਡਾ ਰਾਹੀਂ ਦਸਹਿਰਾ ਗਰਾਊਂਡ ਵਾਲੀ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤੀ ਸੀ।’’ ਮੁੱਖ ਮੰਤਰੀ ਨੇ ਮੰਚ ਤੋਂ ਐਲਾਨ ਕੀਤਾ ਕਿ ਅੱਜ ਜਿਸ ਜਗ੍ਹਾ ’ਤੇ ਦਸਹਿਰਾ ਮਨਾਇਆ ਜਾ ਰਿਹਾ ਹੈ। ਇਹੀ ਥਾਂ ਦਸਹਿਰਾ ਕਮੇਟੀ ਨੂੰ ਪੱਕੇ ਤੌਰ ’ਤੇ ਅਲਾਟ ਕੀਤੀ ਜਾਵੇਗੀ ਅਤੇ ਇਸ ਸਬੰਧੀ ਅਗਲੇ ਦਿਨਾਂ ਵਿੱਚ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘‘ਭਾਰਤ ਵੱਖ-ਵੱਖ ਧਰਮਾਂ ਅਤੇ ਵਰਗਾਂ ਦਾ ਖ਼ੂਬਸੂਰਤ ਗੁਲਦਸਤਾ ਹੈ, ਇਸ ਨੂੰ ਮਹਿਕਦਾ ਰੱਖਣਾ ਸਾਰਿਆਂ ਦੀ ਬਰਾਬਰ ਜ਼ਿੰਮੇਵਾਰੀ ਹੈ। ਸਾਰੇ ਧਰਮ ਏਕਤਾ ਦਾ ਪ੍ਰਤੀਕ ਹਨ ਅਤੇ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਭਲਾਈ ਦਾ ਸੁਨੇਹਾ ਦਿੰਦੇ ਹਨ।’’ ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੰਦਿਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਡਟਣ ਦੀ ਅਪੀਲ ਕੀਤੀ। ਦਸਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਨ ਨੇ ਸਾਰਿਆਂ ਦਾ ਧੰਨਵਾਦ ਕੀਤਾ।