ਸ਼ਸ਼ੀ ਪਾਲ ਜੈਨ
ਖਰੜ, 23 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਆਂਢੀ ਮੁਲਕ ਤੋਂ ਡਰੋਨਾਂ ਰਾਹੀਂ ਹੁੰਦੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਨਜਿੱਠਣ ਲਈ ਸੂਬੇ ਵਿੱਚ ਐਂਟੀ ਡਰੋਨ ਪ੍ਰਣਾਲੀ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਪਹਿਲੇ ਡਰੋਨ ਟ੍ਰੇਨਿੰਗ ਹੱਬ ਦਾ ਉਦਘਾਟਨ ਕਰਨ ਮਗਰੋਂ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਡਰੋਨ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਲੋੜ ਹੈ ਕਿਉਂਕਿ ਗੁਆਂਢੀ ਮੁਲਕ ਡਰੋਨਾਂ ਰਾਹੀਂ ਸਰਹੱਦੀ ਇਲਾਕਿਆਂ ’ਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਕਰਦਾ ਹੈ, ਜਿਸ ਨਾਲ ਨਜਿੱਠਣ ਲਈ ਡਰੋਨ ਟਰੈਕਿੰਗ ਵਰਗੀ ਤਕਨਾਲੋਜੀ ਵੀ ਹੋਣੀ ਚਾਹੀਦੀ ਹੈ।
ਬੇਰੁਜ਼ਗਾਰੀ ਨੂੰ ਸਾਰੀਆਂ ਅਲਾਮਤਾਂ ਦੀ ਜੜ੍ਹ ਦੱਸਦਿਆਂ ਮੁੱਖ ਮੰਤਰੀ ਨੇ ਬਾਹਰੀ ਮੁਲਕਾਂ ਵਿੱਚ ਪਰਵਾਸ ਕਰ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ ਹਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਮੌਕੇ ਪੈਦਾ ਨਾ ਕਰਨ ਸਦਕਾ ਮਜਬੂਰਨ ਉਨ੍ਹਾਂ ਨੂੰ ਬੇਗਾਨੇ ਮੁਲਕਾਂ ਵਿੱਚ ਰੁਜ਼ਗਾਰ ਤਲਾਸ਼ਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਵੀ ਨਸ਼ਿਆਂ ਦੀ ਅਲਾਮਤ ਲਈ ਜ਼ਿੰਮੇਵਾਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਨਿਵੇਸ਼ ਕਰਨ ਲਈ ਛੇਤੀ ਹੀ ਨਵੇਂ ਉਦਯੋਗ ਅਤੇ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਤੱਕ ਪਹੁੰਚ ਕਰੇਗੀ ਤਾਂ ਕਿ ਕਿਸੇ ਵੀ ਹੁਨਰਮੰਦ ਬੱਚੇ ਨੂੰ ਰੁਜ਼ਗਾਰ ਲਈ ਮਾਤ-ਭੂਮੀ ਨਾ ਛੱਡਣੀ ਪਵੇ।
ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਤਿਹਾਸ ਵਿੱਚ ਪੰਜਾਬ ਨੂੰ ਕਈ ਵਾਰ ਉਤਰਾਅ-ਚੜ੍ਹਾਅ ਦੇਖਣੇ ਪਏ ਹਨ ਪਰ ਉਹ ਭਵਿੱਖ ਵਿੱਚ ਪੰਜਾਬ ਦੀ ਸਰਦਾਰੀ ਪਹਿਲਾਂ ਵਾਂਗ ਕਾਇਮ ਕਰਨ ਲਈ ਦ੍ਰਿੜ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮੰਤਰੀ ਦਾ ਯੂਨੀਵਰਸਿਟੀ ਆਉਣ ’ਤੇ ਸਵਾਗਤ ਕੀਤਾ।
ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਤੋਂ ਇਲਾਵਾ ਡੀਸੀ ਅਮਿਤ ਤਲਵਾੜ, ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ, ਐੱਸਐੱਸਪੀ ਵਿਵੇਕ ਸ਼ੀਲ ਸੋਨੀ ਤੇ ਹੋਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।
ਪਾਕਿਸਤਾਨ ਵੱਲੋਂ ਆਏ ਡਰੋਨ ’ਤੇ ਬੀਐੱਸਐੱਫ ਜਵਾਨਾਂ ਵੱਲੋਂ ਫਾਇਰਿੰਗ
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 58 ਬਟਾਲੀਅਨ ਦੀ ਆਦੀਆਂ ਬੀਓਪੀ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਇੱਕ ਪਾਕਿਸਤਾਨੀ ਡਰੋਨ ’ਤੇ ਗੋਲੀਆਂ ਚਲਾਈਆਂ ਹਨ। ਡਿਊਟੀ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਰਾਤ ਦੇ ਸਮੇਂ ਪਾਕਿਸਤਾਨ ਵੱਲੋਂ ਆਉਂਦੇ ਡਰੋਨ ਦੀ ਆਵਾਜ਼ ਸੁਣੀ, ਜਿਸ ਮਗਰੋਂ ਉਨ੍ਹਾਂ 166 ਫਾਇਰ ਕੀਤੇ। ਜਾਣਕਾਰੀ ਅਨੁਸਾਰ ਇਹ ਡਰੋਨ ਕਰੀਬ 11 ਮਿੰਟ ਭਾਰਤੀ ਖੇਤਰ ਵਿੱਚ ਰਿਹਾ ਤੇ ਇਸ ਦੌਰਾਨ ਡਰੋਨ ਨੇ ਚਾਰ ਵਾਰ ਭਾਰਤੀ ਇਲਾਕੇ ਵਿੱਚ ਅਗਾਂਹ ਵਧਣ ਦੀ ਕੋਸ਼ਿਸ਼ ਕੀਤੀ, ਪਰ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਮਗਰੋਂ ਇਹ ਡਰੋਨ ਪਾਕਿਸਤਾਨ ਵੱਲ ਪਰਤ ਗਿਆ। ਅੱਜ ਤੜਕਸਾਰ ਬੀਐੱਸਐੱਫ ਅਤੇ ਦੋਰਾਂਗਲਾ ਥਾਣੇ ਦੀ ਪੁਲੀਸ ਵੱਲੋਂ ਇਲਾਕੇ ਵਿੱਚ ਸਾਂਝੀ ਸਰਚ ਮੁਹਿੰਮ ਚਲਾਈ ਗਈ, ਪਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਅਟਾਰੀ (ਪੱਤਰ ਪ੍ਰੇਰਕ): ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜ੍ਹਾ ਦੇ ਖੇਤ ਵਿੱਚੋਂ ਇੱਕ ਡਿੱਗਿਆ ਹੋਇਆ ਡਰੋਨ ਮਿਲਿਆ ਹੈ। ਡੀਐੱਸਪੀ ਅਟਾਰੀ ਬਲਬੀਰ ਸਿੰਘ ਤੇ ਥਾਣਾ ਲੋਪੋਕੇ ਦੇ ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਸਾਰੰਗੜ੍ਹਾ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਥਾਣਾ ਲੋਪੋਕੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਥਾਂ ਪਾਕਿਸਤਾਨ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।