ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਫਰਵਰੀ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਐੱਨਡੀਏ ਦਾ ਚੋਣ ਮਨੋਰਥ ਪੱਤਰ ਜਾਰੀ ਹੋਣ ਨਾਲ ਪੰਜਾਬ ਦੇ ਲੋਕਾਂ ਅੰਦਰ ਸੁਨਹਿਰੇ ਭਵਿੱਖ ਦੀ ਆਸ ਜਾਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਰੋਸੇਮੰਦ ਧਿਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜੋ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਮਹਾਗਠਜੋੜ ਨਾਲ ਪੂਰੀ ਹੋ ਗਈ ਹੈ। ਸ੍ਰੀ ਢੀਂਡਸਾ ਇਥੇ ਆਪਣੀ ਰਿਹਾਇਸ਼ ’ਤੇ ਕੀਤੀ ਪੱਤਰਕਾਰ ਮਿਲਣੀ ਦੌਰਾਨ ਇਹ ਗੱਲ ਕਹੀ। ਉਨ੍ਹਾਂ ‘ਆਪ’, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਤਿੱਖੀ ਅਲੋਚਨਾ ਕੀਤੀ। ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ’ਤੇ ਅਕਾਲੀ ਸੋਚ ਦਾ ਵਿਰੋਧੀ ਦੱਸਦਿਆਂ ਕਿਹਾ ਕਿ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦਾ ਮੁਹਾਂਦਰਾ ਵਿਗਾੜ ਕੇ ਰੱਖ ਦਿੱਤਾ ਹੈ। ਅਕਾਲੀ ਸਿਧਾਂਤਾਂ ਤੇ ਪੰਥਕ ਏਜੰਡਿਆਂ ਤੋਂ ਭੱਜ ਜਾਣ ਦਾ ਵਰਤਾਰਾ ਬਾਦਲ ਪਰਿਵਾਰ ਨੂੰ ਪੰਜਾਬ ਦੀ ਸਿਆਸਤ ਤੋਂ ਬਾਹਰ ਕਰ ਦੇਵੇਗਾ। ‘ਆਪ’ ਬਾਰੇ ਢੀਂਡਸਾ ਨੇ ਕਿਹਾ ਕਿ ਅਨਾੜੀ ਤੇ ਅਣਜਾਣ ਧਿਰ ਨੂੰ ਲੋਕ ਅੱਗੇ ਨਹੀਂ ਲਿਆ ਸਕਦੇ।
‘ਮੈਨੂੰ ਭਗਵੰਤ ਮਾਨ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ’
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਦੂਜਿਆਂ ਵਿਰੁੱਧ ਬੋਲਣ ਤੋਂ ਪਹਿਲਾਂ ਭਗਵੰਤ ਮਾਨ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ 2014 ਤੋਂ ਹੁਣ ਤੱਕ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਲੋਕ ਸਭਾ ਹਲਕੇ ਦੀ ਬਿਹਤਰੀ ਲਈ ਉਨ੍ਹਾਂ ਕਿਹੜਾ ਵੱਡਾ ਕੰਮ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਪੰਥ ਤੇ ਪੰਜਾਬ ਦੀ ਖੁਸ਼ਹਾਲੀ ਲਈ ਕੀਤੇ ਕੰਮਾਂ ਲਈ ਸਾਨੂੰ ਭਗਵੰਤ ਮਾਨ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।