ਪੱਤਰ ਪ੍ਰੇਰਕ
ਪਠਾਨਕੋਟ, 21 ਫਰਵਰੀ
ਭਾਜਪਾ ਦੇ ਸੂਬਾ ਪ੍ਰਧਾਨ ਤੇ ਪਠਾਨਕੋਟ ਤੋਂ ਉਮੀਦਵਾਰ ਅਸ਼ਵਨੀ ਸ਼ਰਮਾ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਚੋਣ ਪ੍ਰਚਾਰ ਦੀ ਥਕਾਨ ਤੋਂ ਬਾਅਦ ਅੱਜ ਰਾਹਤ ਮਹਿਸੂਸ ਕਰਦੇ ਨਜ਼ਰ ਆਏ। ਉਨ੍ਹਾਂ ਫੁਰਸਤ ਦੇ ਪਲ ਬਾਜ਼ਾਰ ਅੰਦਰ ਇੱਕ ਦੁਕਾਨ ’ਤੇ ਚਾਹ ਦੀਆਂ ਚੁਸਕੀਆਂ ਲੈ ਕੇ ਮੀਡੀਆ ਨਾਲ ਵਿਚਾਰ ਚਰਚਾ ਕਰਦਿਆਂ ਬਿਤਾਏ। ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਭਾਜਪਾ ਦੀਆਂ 15 ਤੋਂ 20 ਸੀਟਾਂ ਆਉਣਗੀਆਂ ਅਤੇ ਭਾਜਪਾ ਐੱਨਡੀਏ ਦੇ ਆਪਣੇ ਭਾਈਵਾਲਾਂ ਨਾਲ ਰਲ ਕੇ ਸਰਕਾਰ ਬਣਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਭਾਈਵਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਉਨ੍ਹਾਂ ਆਪਣੀ ਸੀਟ ਬਾਰੇ ਸਪੱਸ਼ਟ ਕਿਹਾ ਕਿ ਉਹ 20 ਹਜ਼ਾਰ ਦੇ ਅੰਤਰ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਬੜੀ ਆਸ ਨਾਲ ਕਿਹਾ ਕਿ ਐੱਨਡੀਏ ਦੀ ਸਰਕਾਰ ਤਾਂ ਬਣਨੀ ਤੈਅ ਹੈ, 10 ਮਾਰਚ ਦੇ ਨਤੀਜਿਆਂ ਦੀ ਰਸਮੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 5 ਸਾਲ ਦਾ ਜੋ ਸਮਾਂ ਦੇਖਿਆ, ਉਸ ਤੋਂ ਬਾਅਦ ਲੋਕਾਂ ਨੇ ਬਦਲਾਅ ਦਾ ਮਨ ਬਣਾ ਲਿਆ ਸੀ।