ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਜੂਨ
ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਪਹਿਲਕਦਮੀ ਕਰਦਿਆਂ ਤਿੰਨ ਵਿਸ਼ਿਆਂ ਦੇ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਵੀਡੀਓਜ਼ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਹਨ। ਇਹ ਵੀਡੀਓ ਤੀਜੀ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰਾਜੈਕਟ ਤੇ ਵਿਦਿਅਕ ਸਮੱਗਰੀ ’ਤੇ ਆਧਾਰਿਤ ਤਿਆਰ ਕੀਤੇ ਗਏ ਹਨ। ਵੀਡੀਓਜ਼ ਨੂੰ ਅਨੁਵਾਦ ਕਰਨ ਦਾ ਪ੍ਰਾਜੈਕਟ ਸਵਾ ਪੰਜ ਸਾਲਾਂ ਵਿੱਚ ਮੁਕੰਮਲ ਹੋਇਆ ਹੈ। ਇਹ ਪਹਿਲੀ ਵਾਰ ਹੈ ਕਿ ਕੇਂਦਰੀ ਪੋਰਟਲ ’ਤੇ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਵੀਡੀਓਜ਼ ਅਪਲੋਡ ਕੀਤੇ ਹੋਣ। ਇਸ ਨਾਲ ਪੰਜਾਬ ਤੇ ਹੋਰਨਾਂ ਰਾਜਾਂ ਵਿੱਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਕੇਂਦਰੀ ਪੋਰਟਲ ’ਤੇ ਪੰਜਾਬੀ ਦੀ ਉਚਿਤ ਸਮੱਗਰੀ ਨਹੀਂ ਮਿਲਦੀ ਸੀ। ਵੀਡੀਓਜ਼ ਅਪਲੋਡ ਕਰਨ ਦਾ ਪ੍ਰਾਜੈਕਟ ਚਾਰ ਪੜਾਵਾਂ ’ਚ ਮੁਕੰਮਲ ਹੋਵੇਗਾ ਜਿਸ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਐਮਐਚਆਰਡੀ ਨੇ ਐਨਸੀਈਆਰਟੀ ਨੂੰ ਵਿਗਿਆਨ, ਸਮਾਜਿਕ ਵਿਗਿਆਨ ਤੇ ਆਮ ਗਿਆਨ ਦੀ ਪੰਜਾਬੀ ਵਿੱਚ ਵਿਦਿਅਕ ਸਮੱਗਰੀ ਤਿਆਰ ਕਰਵਾਉਣ ਦਾ ਜ਼ਿੰਮਾ ਸੌਂਪਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਦਾ ਪਹਿਲਾ ਪੰਜਾਬੀ ਵੀਡੀਓ ਇਸ ਸਾਲ 29 ਮਈ ਨੂੰ ਅਪਲੋਡ ਕੀਤਾ ਗਿਆ।
ਚੰਡੀਗੜ੍ਹ ਦੇ ਦੋ ਅਧਿਆਪਕਾਂ ਨੇ ਕੀਤਾ ਅਨਵਾਦ
ਕੇਂਦਰ ਨੇ ਤੀਜੀ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਸ਼ਿਆਂ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਭਾਰਤ ’ਚੋਂ ਚੰਡੀਗੜ੍ਹ ਦੇ ਦੋ ਅਧਿਆਪਕਾ ਡਾ. ਰਾਜਿੰਦਰ ਸਿੰਘ ਕੰਬੋਜ ਤੇ ਰਾਮ ਕੁਮਾਰ ਸ਼ਰਮਾ ਨੂੰ ਸੌਂਪੀ। ਡਾ. ਕੰਬੋਜ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-43 ਤੇ ਰਾਮ ਕੁਮਾਰ ਸੈਕਟਰ-37 ਦੇ ਸਕੂਲ ਵਿਚ ਅਧਿਆਪਕ ਹਨ। ਇਨ੍ਹਾਂ ਅਧਿਆਪਕਾਂ ਨੇ ਬਾਕੀ ਭਾਸ਼ਾਵਾਂ ਲਈ ਅਨੁਵਾਦ ਲਈ ਪ੍ਰਤੀਲਿਪੀ ਵੀ ਤਿਆਰ ਕੀਤੀ। ਇਹ ਵੀਡੀਓਜ਼ ਐੱਨਆਰਓਈਆਰ ਡਾਟ ਗੌਵ ਡਾਟ ਇਨ ’ਤੇ ਦੇਖੇ ਜਾ ਸਕਦੇ ਹਨ। ਡਾ. ਕੰਬੋਜ ਨੇ ਦੱਸਿਆ ਕਿ ਇਨ੍ਹਾਂ ਵੀਡੀਓਜ਼ ਜ਼ਰੀਏ ਵਿਦਿਆਰਥੀ ਆਸਾਨੀ ਨਾਲ ਪ੍ਰਾਜੈਕਟ ਤਿਆਰ ਕਰ ਸਕਣਗੇ।
30 ਸਤੰਬਰ ਤਕ ਮੁਕੰਮਲ ਹੋਵੇਗਾ ਪ੍ਰਾਜੈਕਟ: ਜੁਆਇੰਟ ਡਾਇਰੈਕਟਰ
ਐੱਨਸੀਈਆਰਟੀ ਦੇ ਜੁਆਇੰਟ ਡਾਇਰੈਕਟਰ ਅਮਰੇਂਦਰਾ ਬਾਹਰਾ ਨੇ ਦੱਸਿਆ ਕਿ ਕੇਂਦਰੀ ਪੋਰਟਲ ਵਿੱਚ ਅੰਗਰੇਜ਼ੀ ਤੇ ਹਿੰਦੀ ਦੀ ਵਿਦਿਅਕ ਸਮੱਗਰੀ ਨੂੰ ਤਾਂ ਨਾਲ ਹੀ ਨਾਲ ਅਪਲੋਡ ਕਰ ਦਿੱਤਾ ਗਿਆ ਪਰ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਉਣਾ ਵੱਡੀ ਚੁਣੌਤੀ ਸੀ ਜਿਸ ਲਈ 764 ਵੀਡੀਓਜ਼ ਚੁਣੇ ਗਏ ਹਨ ਤੇ ਹੁਣ ਤਕ 764 ਵੀਡੀਓਜ਼ ਦਾ ਅਨੁਵਾਦ ਤੇ ਰਿਕਾਰਡਿੰਗ ਹੋ ਚੁੱਕੀ ਹੈ ਪਰ ਅਪਲੋਡਿੰਗ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਹੇਠ 163 ਵੀਡੀਓਜ਼ ਅਪਲੋਡ ਹੋਣਗੇ ਤੇ ਸਾਰਾ ਪ੍ਰਾਜੈਕਟ 30 ਸਤੰਬਰ ਤਕ ਮੁਕੰਮਲ ਕੀਤਾ ਜਾਵੇਗਾ। ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਅਕਸਰ ਪੰਜਾਬੀ ਵਿਚ ਸਮੱਗਰੀ ਉਪਲੱਬਧ ਨਾ ਹੋਣ ਦੀ ਸਮੱਸਿਆ ਆਉਂਦੀ ਸੀ ਪਰ ਇਨ੍ਹਾਂ ਅਧਿਆਪਕਾਂ ਦੀ ਮਿਹਨਤ ਨਾਲ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ।