ਪਾਲ ਸਿੰਘ ਨੌਲੀ
ਜਲੰਧਰ, 6 ਅਗਸਤ
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦੋਆਬੇ ’ਚ ਦਲਿਤ ਭਾਈਚਾਰੇ ਦੇ ਦੋ ਵੱਡੇ ਧਾਰਮਿਕ ਡੇਰਿਆਂ ’ਤੇ ਨਤਮਸਤਕ ਹੋਏ। ਸ੍ਰੀ ਸਿੱਧੂ ਪਹਿਲਾਂ ਡੇਰਾ ਸੱਚਖੰਡ ਬੱਲਾਂ ਗਏ ਅਤੇ ਬਾਅਦ ਵਿੱਚ ਡੇਰਾ ਬਾਬਾ ਜੌੜੇ ਪਹੁੰਚੇ। ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਤੋਂ ਆਸ਼ੀਰਵਾਦ ਲੈਂਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਸੰਤਾਂ ਤੋਂ ਸੇਧ ਲੈ ਕੇ ਕਤਾਰ ਵਿਚ ਖੜ੍ਹੇ ਆਖਰੀ ਦਲਿਤ ਦਾ ਭਲਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿਰਜਣਾ ਹੈ ਨਵੀਂ ਸਵੇਰ ਵਾਂਗ। ਉਨ੍ਹਾਂ ਕਿਹਾ ਕਿ ਉਹ ਇਥੇ ਰਾਜਨੀਤੀ ਕਰਨ ਲਈ ਨਹੀਂ ਆਏ ਸਗੋਂ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਲੈਣ ਆਏ ਹਨ।
ਉਨ੍ਹਾਂ ਸੰਤ ਨਿਰੰਜਣ ਦਾਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਦਲਿਤ ਸਮਾਜ ਦੀ ਮਹਾਨ ਸੇਵਾ ਕਰ ਰਹੇ ਹਨ ਤੇ ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਨੇ ਮਾਨਵਤਾ ਦੀ ਸੇਵਾ ਲੇਖੇ ਲਾਈ ਹੈ। ਸ੍ਰੀ ਸਿੱਧੂ ਦਾ ਸੰਤ ਨਿਰੰਜਣ ਦਾਸ ਨੇ ਸਿਰੋਪਾ ਅਤੇ ਹਰਿ ਦਾ ਨਿਸ਼ਾਨ ਦੇ ਕੇ ਸਨਮਾਨ ਵੀ ਕੀਤਾ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਮਹਿੰਦਰ ਸਿੰਘ ਕੇਪੀ, ਵਿਧਾਇਕ ਸੁਸ਼ੀਲ ਰਿੰਕੂ ਅਤੇ ਚੌਧਰੀ ਸੁਰਿੰਦਰ ਸਿੰਘ ਸਮੇਤ 10 ਤੋਂ ਵੱਧ ਵਿਧਾਇਕ ਮੌਜੂਦ ਸਨ।
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਿੰਡ ਰਾਏਪੁਰ ਰਸੂਲਪੁਰ ਦੇ ਡੇਰਾ ਬਾਬਾ ਜੌੜੇ ਪਹੁੰਚੇ ਜਿਥੇ ਉਨ੍ਹਾਂ ਨੇ ਡੇਰਾ ਮੁਖੀ ਸੰਤ ਨਿਰਮਲ ਦਾਸ ਕੋਲੋਂ ਅਸ਼ੀਰਵਾਦ ਲਿਆ। ਸੰਤ ਨਿਰਮਲ ਦਾਸ ਨੇ ਨਵਜੋਤ ਸਿੰਘ ਸਿੱਧੂ ਨਾਲ ਦਲਿਤ ਸਮਾਜ ਦਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਭਾਈਚਾਰੇ ਦੇ ਨੌਜਵਾਨ ਵੀ ਵਿਦੇਸ਼ਾਂ ਨੂੰ ਵੱਡੀ ਗਿਣਤੀ ਵਿਚ ਜਾ ਰਹੇ ਹਨ ਅਤੇ ਜਿਹੜੇ ਇਥੇ ਰਹਿ ਵੀ ਰਹੇ ਹਨ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਉਹ ਉੱਜੜਿਆਂ ਨੂੰ ਵਸਾਉਣ, ਰੋਂਦਿਆਂ ਨੂੰ ਹਸਾਉਣ ਅਤੇ ਭੁੱਖਿਆਂ ਨੂੰ ਰਜਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ।
ਨਵਜੋਤ ਸਿੰਘ ਸਿੱਧੂ ਦੇ ਪਿੰਡ ਬੱਲਾਂ ਵਿਖੇ ਪਹੁੰਚਣ ਦੀ ਕਿਸਾਨਾਂ ਨੂੰ ਜਦੋਂ ਭਿਣਕ ਲੱਗੀ ਤਾਂ ਉਨ੍ਹਾਂ ਹੱਥਾਂ ਵਿਚ ਕਾਲੇ ਝੰਡੇ ਲੈ ਕੇ ਸ੍ਰੀ ਸਿੱਧੂ ਦਾ ਵਿਰੋਧ ਕੀਤਾ। ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਇਕ ਪੁਲੀਸ ਅਧਿਕਾਰੀ ਦੀ ਕਿਸਾਨ ਆਗੂਆਂ ਨਾਲ ਨੋਕ-ਝੋਕ ਵੀ ਹੋਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਬੀਕੇਯੂ ਰਾਜੇਵਾਲ ਦੇ ਮੁੱਖ ਬੁਲਾਰੇ ਕਸ਼ਮੀਰ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਇਕ ਪਾਸੇ ਕਿਸਾਨ ਆਪਣੀ ਜ਼ਮੀਨ ਤੇ ਰੋਜ਼ੀ ਰੋਟੀ ਬਚਾਉਣ ਲਈ ਦਿੱਲੀਆਂ ਸੜਕਾਂ ’ਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ ਤੇ ਦੂਜੇ ਪਾਸੇ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਚਮਕਾਉਣ ਲੱਗੀਆਂ ਹੋਈਆਂ ਹਨ।
ਪ੍ਰਧਾਨਗੀ ਮਿਲਣ ਮਗਰੋਂ ਸਿੱਧੂ ਦਾ ਸਟੈਂਡ ਬਦਲਿਆ: ਚੀਮਾ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿਰਗਟ ਤੋਂ ਵੀ ਤੇਜ਼ ਰੰਗ ਬਦਲ ਰਹੇ ਹਨ। ਸਿੱਧੂ ਉਨ੍ਹਾਂ ਕਾਂਗਰਸੀਆਂ ਨਾਲ ਜੱਫੀਆਂ ਪਾ ਰਹੇ ਹਨ, ਜਿਨ੍ਹਾਂ ’ਤੇ ਮਾਫੀਆ ਚਲਾਉਣ ਦੇ ਦੋਸ਼ ਲੱਗੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਸਿੱਧੂ ਦੋਹਰੇ ਚਰਿੱਤਰ ਅਤੇ ਦੋਹਰੇ ਸਟੈਂਡ ਦੇ ਮਾਲਕ ਹਨ। ਉਹ ਪਹਿਲਾਂ ਰੇਤ, ਸ਼ਰਾਬ, ਟਰਾਂਸਪੋਰਟ, ਜ਼ਮੀਨ ਮਾਫੀਆ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਸੀ ਪਰ ਹੁਣ ਉਸੇ ਮਾਫੀਆ ਨੂੰ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘਰ-ਘਰ ਜਾ ਕੇ ਮਿਲ ਰਹੇ ਹਨ ਤੇ ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਮਾਫੀਆ ਕੋਲੋਂ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਉਹ ਹਿੱਸਾ ਹੁਣ ਸਿੱਧੂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ।