ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੂਨ
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਇੱਥੇ ਗੁੰਮਸ਼ੁਦਾ ਹੋਣ ਦੇ ਪੋਸਟਰ ਲਾਏ ਗਏ ਹਨ, ਜਿਸ ਵਿੱਚ ਲੱਭਣ ਵਾਲੇ ਨੂੰ ਪੰਜਾਹ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੋਸਟਰ ਸਿੱਧੂ ਦੇ ਹਲਕੇ ਵਿਧਾਨ ਸਭਾ ਪੂਰਬੀ ਦੇ ਇਲਾਕੇ ਜੌੜਾ ਫਾਟਕ ਨੇੜੇ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੇ ਅੰਦਰੂਨੀ ਵਿਵਾਦ ਕਾਰਨ ਉਹ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਪਰ੍ਹਾਂ ਹਨ। ਇਹ ਪੋਸਟਰ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਲਾਏ ਗਏ ਹਨ ਜਿਸ ਉੱਪਰ ਲਿਖਿਆ ਹੈ ਗੁੰਮਸ਼ੁਦਾ ਦੀ ਤਲਾਸ਼। ਇਹ ਪੋਸਟਰ ਉਸ ਜਗ੍ਹਾ ’ਤੇ ਲੱਗੇ ਹਨ ਜਿੱਥੇ ਜੌੜਾ ਫਾਟਕ ਰੇਲ ਹਾਦਸਾ ਹੋਇਆ ਸੀ। ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਲੋਕਾਂ ਨੂੰ ਸਿੱਧੂ ਵੱਲੋਂ ਮਦਦ ਦੇ ਕਈ ਵਾਅਦੇ ਕੀਤੇ ਗਏ ਸਨ। ਪੋਸਟਰ ਲਾਉਣ ਵਾਲੀ ਜਥੇਬੰਦੀ ਦੇ ਆਗੂ ਅਨਿਲ ਵਸ਼ਿਸ਼ਟ ਨੇ ਆਖਿਆ ਕਿ ਸਿੱਧੂ ਆਪਣੇ ਇਲਾਕੇ ਵਿੱਚ ਲੰਮੇ ਸਮੇਂ ਤੋਂ ਨਹੀਂ ਹਨ, ਜਿਸ ਕਾਰਨ ਹਲਕੇ ਦਾ ਮਾੜਾ ਹਾਲ ਹੈ ਅਤੇ ਲੋਕ ਉਥੇ ਮਾੜੇ ਹਾਲਾਤ ਵਿੱਚ ਰਹਿ ਰਹੇ ਹਨ। ਇਸ ਤੋਂ ਪਹਿਲਾਂ ਵੀ ਸਿੱਧੂ ਬਾਰੇ ਅਜਿਹੇ ਪੋਸਟਰ ਲੱਗ ਚੁੱਕੇ ਹਨ।