ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਅਪਰੈਲ
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਈਪੀਐੱਲ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਅੱਜ ਮੁੜ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਨਜ਼ਰ ਆਏ। ਆਈਪੀਐੱਲ ਦੀ ਸ਼ੁਰੂਆਤ ਤੋਂ ਹੀ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਤੋਂ ਗ਼ਾਇਬ ਹੋ ਗਏ ਸਨ, ਅੱਜ ਅਚਾਨਕ ਉਨ੍ਹਾਂ ਨੇ ਪਟਿਆਲਾ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ।
ਇਸ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਵੀ ਹਾਜ਼ਰ ਸਨ। ਅੱਜ ਨਵਜੋਤ ਸਿੱਧੂ ਦੇ ਸਮਰਥਕਾਂ ਦੇ ਤੇਵਰ ਸਖ਼ਤ ਨਜ਼ਰ ਆਏ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਸਾਥ ਦੇਣ ਵਾਲੇ ਆਗੂ ਕਾਂਗਰਸ ਵਿੱਚੋਂ ਮੁਅੱਤਲ ਕੀਤੇ ਹੋਏ ਹਨ ਪਰ ਪਾਰਟੀ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਮੁਅੱਤਲ ਆਗੂਆਂ ਨੂੰ ਪ੍ਰਚਾਰ ਕਰਨ ਲਈ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਈਕਮਾਂਡ ਉਨ੍ਹਾਂ ਮੁਅੱਤਲ ਆਗੂਆਂ ਨੂੰ ਬਹਾਲ ਕਰਕੇ ਨਵਜੋਤ ਸਿੱਧੂ ਨੂੰ ਸੱਦਾ ਦੇ ਕੇ ਉਸ ਦੀ ਡਿਊਟੀ ਨਹੀਂ ਲਗਾਉਂਦੀ ਉਦੋਂ ਤੱਕ ਉਹ ਕਾਂਗਰਸੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਿਵੇਂ ਕਰ ਸਕਦੇ ਹਨ। ਇਸ ਮੌਕੇ ਨਵਜੋਤ ਸਿੱਧੂ ਦੀ ਸੁਰ ਨਰਮ ਸੀ।
ਅੱਜ ਪਟਿਆਲਾ ਦੇ ਨਵਜੋਤ ਸਿੱਧੂ ਦੇ ਯਾਦਵਿੰਦਰਾ ਕਲੋਨੀ ਵਿਚ ਸਥਿਤ ਘਰ ਵਿਚ ਇਕ ਤੋਂ ਤਿੰਨ ਵਜੇ ਤੱਕ ਕਈ ਕਾਂਗਰਸੀ ਆਗੂਆਂ ਦੀ ਮੀਟਿੰਗ ਚੱਲੀ। ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ, ਸੁਰਜੀਤ ਧੀਮਾਨ, ਜਗਦੇਵ ਕਮਾਲੂ, ਮਹੇਸ਼ਇੰਦਰ ਸਿੰਘ, ਨਾਜਰ ਸਿੰਘ ਮਾਨਸਾਹੀਆ, ਹਰਵਿੰਦਰ ਸਿੰਘ ਲਾਡੀ ਬਠਿੰਡਾ, ਅਮਨਦੀਪ ਸਿੰਘ ਵੇਰਕਾ ਅੰਮ੍ਰਿਤਸਰ, ਸ਼ੈਰੀ ਰਿਆੜ ਪਟਿਆਲਾ, ਨਰਿੰਦਰ ਲਾਲੀ ਪਟਿਆਲਾ ਸ਼ਾਮਲ ਸਨ। ਇਸ ਵੇਲੇ ਕੁਝ ਗੱਲਾਂ ਨੂੰ ਲੈ ਕੇ ਬਹਿਸ ਵੀ ਹੋਈ, ਜਿਸ ਦੀ ਪੁਸ਼ਟੀ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤੀ। ਕਈਆਂ ਦਾ ਤਰਕ ਸੀ ਕਿ ਪਾਰਟੀ ਨੇ ਉਮੀਦਵਾਰ ਐਲਾਨਣੇ ਸ਼ੁਰੂ ਕੀਤੇ ਹੋਏ ਹਨ ਪਰ ਨਵਜੋਤ ਸਿੱਧੂ ਨੂੰ ਬੁਲਾਇਆ ਤੱਕ ਨਹੀਂ ਗਿਆ।
ਇਸ ਵੇਲੇ ਸਾਰੇ ਆਗੂਆਂ ਨੇ ਇਕਮੱਤ ਹੁੰਦਿਆਂ ਕਿਹਾ ਕਿ ਨਵਜੋਤ ਸਿੱਧੂ ਦੇ ਜੋ ਸਮਰਥਕ ਕਾਂਗਰਸੀ ਆਗੂ ਪਾਰਟੀ ਨੇ ਕਿਸੇ ਵੱਡੇ ਕਾਰਨ ਤੋਂ ਬਿਨਾਂ ਹੀ ਮੁਅੱਤਲ ਕੀਤੇ ਹੋਏ ਹਨ ਉਨ੍ਹਾਂ ਨੂੰ ਤੁਰੰਤ ਕਾਂਗਰਸ ਹਾਈਕਮਾਂਡ ਬਹਾਲ ਕਰੇ ਤੇ ਨਵਜੋਤ ਸਿੱਧੂ ਨੂੰ ਸਤਿਕਾਰ ਸਹਿਤ ਬੁਲਾ ਕੇ ਉਸ ਦੀ ਚੋਣ ਵਿਚ ਡਿਊਟੀ ਲਗਾਵੇ। ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਅਸੀਂ ਕਾਂਗਰਸੀ ਹਾਂ ਤੇ ਕਾਂਗਰਸ ਦੇ ਹੀ ਪੱਖ ਵਿਚ ਕੰਮ ਕਰ ਰਹੇ ਹਾਂ ਪਰ ਸਾਡੇ ਸਮਰਥਕਾਂ ਨੂੰ ਬਿਨਾਂ ਵਜ੍ਹਾ ਮੁਅੱਤਲ ਕਰਨਾ ਠੀਕ ਨਹੀਂ ਹੈ। ਮੀਟਿੰਗ ਵਿੱਚ ਆਪਣੇ ਸਮਰਥਕਾਂ ਵੱਲੋਂ ਲਏ ਫ਼ੈਸਲਿਆਂ ਪ੍ਰਤੀ ਅੱਜ ਨਵਜੋਤ ਸਿੱਧੂ ਨਰਮ ਨਜ਼ਰ ਆਏ ਤੇ ਸਾਰੇ ਸਮਰਥਕਾਂ ਨੇ ਨਵਜੋਤ ਸਿੱਧੂ ਗਰੁੱਪ ਦੇ ਸਾਰੇ ਅਧਿਕਾਰ ਨਵਜੋਤ ਸਿੱਧੂ ਨੂੰ ਸੌਂਪ ਦਿੱਤੇ।