ਚਰਨਜੀਤ ਭੁੱਲਰ
ਚੰਡੀਗੜ੍ਹ, 9 ਸਤੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੁੜ ਚੁੱਪ ਤੋੜਦਿਆਂ ਟਵੀਟ ਕਰਕੇ ਕਿਸਾਨੀ ਮੁੱਦਿਆਂ ’ਤੇ ਵਿਰੋਧੀਆਂ ਨੂੰ ਰਗੜੇ ਲਾਏ ਹਨ।
ਨਵਜੋਤ ਸਿੱਧੂ ਨੇ ਆਪਣੀ ਸਰਕਾਰ ਦੀ ਘੇਰਾਬੰਦੀ ਦੀ ਥਾਂ ਹੁਣ ਪੈਂਤੜਾ ਬਦਲ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਹਰੀਸ਼ ਰਾਵਤ ਦੀ ਚੰਡੀਗੜ੍ਹ ਫੇਰੀ ਮਗਰੋਂ ਨਵਜੋਤ ਸਿੱਧੂ ਦੇ ਟਵੀਟ ਰੁਕ ਗਏ ਸਨ। ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਸਰਕਾਰੀ ਭਾਅ ਵਿੱਚ ਕੀਤੇ ਗਏ ਵਾਧੇ ਨੂੰ ਨਿਗੂਣਾ ਦੱਸਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਵਰ੍ਹਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦੀ ਕੀਮਤ ਸਿਰਫ਼ ਪੰਜ ਰੁਪਏ ਵਧਾਈ ਹੈ ਅਤੇ ਇਸੇ ਤਰ੍ਹਾਂ ਕਣਕ ਦੇ ਭਾਅ ਵਿੱਚ ਸਿਰਫ਼ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ, ਜਦਕਿ ਦੂਜੇ ਪਾਸੇ ਲਾਗਤ ਖ਼ਰਚੇ ਵਧੇ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਦੀ ਕੀਮਤ 48 ਫ਼ੀਸਦੀ ਵਧੀ ਹੈ ਅਤੇ ਡੀਏਪੀ ਦੀ ਕੀਮਤ ਵਿੱਚ 140 ਫ਼ੀਸਦੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਸਰ੍ਹੋਂ ਦੇ ਤੇਲ ਦੀ ਕੀਮਤ ਵਿੱਚ 174 ਗੁਣਾ ਵਾਧਾ ਹੋਇਆ ਹੈ ਅਤੇ ਗੈਸ ਸਿਲੰਡਰ ਦੀ ਕੀਮਤ 190 ਰੁਪਏ ਵਧੀ ਹੈ।
ਇਸ ਤੋਂ ਇਲਾਵਾ ਸਿੱਧੂ ਨੇ ਹੋਰ ਟਵੀਟ ਕਰਕੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਗੱਲ ਕੀਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੂਨ, 2020 ਵਿੱਚ ਸਰਬ ਪਾਰਟੀ ਮੀਟਿੰਗ ’ਚ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਤਰਕ ਦਿੱਤੇ ਸਨ, ਜਦਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਤੰਬਰ ਤੱਕ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਵੀਡੀਓ ਅਪਲੋਡ ਕੀਤੇ ਸਨ। ਇਸੇ ਤਰ੍ਹਾਂ ਨਵਜੋਤ ਸਿੱਧੂ ਨੇ ‘ਆਪ’ ਸਰਕਾਰ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ‘ਆਪ’ ਦੀ ਦਿੱਲੀ ਸਰਕਾਰ ਨੇ ਪ੍ਰਾਈਵੇਟ ਮੰਡੀਆਂ ਦੀ ਹਮਾਇਤ ਵਾਲੇ ਕਾਨੂੰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।
ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਬਾਰੇ ਕਿਹਾ ਕਿ ਐੱਨਡੀਏ ਸਰਕਾਰ ਕੋਲ ਮਜ਼ਦੂਰਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਕੋਈ ਅੰਕੜਾ ਨਹੀਂ ਹੈ, ਜਦਕਿ ਪੂੰਜੀਪਤੀ ਮਿੱਤਰਾਂ ਨੂੰ ਸਰਕਾਰ ਜਾਣਦੀ ਹੈ, ਜਿਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਮਿੱਤਰਾਂ ਦੇ ਜਹਾਜ਼ਾਂ ਵਿੱਚ ਸਫ਼ਰ ਕੀਤਾ ਜਾਂਦਾ ਹੈ। ਨਵਜੋਤ ਸਿੱਧੂ ਨੇ ਅੱਜ ਪਟਿਆਲਾ ਨਿਵਾਸ ’ਤੇ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਜਾਰੀ ਰੱਖੀਆਂ।
ਕਿਸਾਨ ਧਿਰਾਂ ਦਾ ਫ਼ੈਸਲਾ ਮੰਨਾਂਗੇ: ਪਰਗਟ ਸਿੰਘ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ 32 ਕਿਸਾਨ ਧਿਰਾਂ ਵੱਲੋਂ 10 ਸਤੰਬਰ ਦੀ ਚੰਡੀਗੜ੍ਹ ਵਿੱਚ ਬੁਲਾਈ ਮੀਟਿੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨ ਧਿਰਾਂ ਤਰਫ਼ੋਂ ਜੋ ਵੀ ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਜਾਵੇਗਾ, ਉਸੇ ਫ਼ੈਸਲੇ ਦੀ ਰੌਸ਼ਨੀ ਵਿੱਚ ਹੀ ਕਾਂਗਰਸ ਪਾਰਟੀ ਆਪਣੇ ਅਗਲੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰਦੀ ਹੈ। ਪਰਗਟ ਸਿੰਘ ਨੇ ਕੇਂਦਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਕੀਮਤਾਂ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਮੁਕੰਮਲ ਤੌਰ ’ਤੇ ਰੱਦ ਕੀਤਾ ਹੈ ਅਤੇ ਇਸ ਨੂੰ ਸੰਘਰਸ਼ ਕਰ ਰਹੀ ਕਿਸਾਨੀ ਨਾਲ ਕੋਝਾ ਮਜ਼ਾਕ ਦੱਸਿਆ ਹੈ।
ਨਾਗਰਾ ਵੱਲੋਂ ‘ਆਪ’ ਉੱਤੇ ਤਿੱਖੇ ਹਮਲੇ
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ‘ਆਪ’ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਆਪ’ ਪੰਜਾਬੀਆਂ ਨੂੰ ਸਪੱਸ਼ਟ ਕਰੇ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ? ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਲੀਡਰਸ਼ਿਪ ’ਤੇ ਵੀ ਦਿੱਲੀ ਦੀ ਲੀਡਰਸ਼ਿਪ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਗੁਰਦਾਸਪੁਰ ਆਏ ਸਨ ਤਾਂ ਉਦੋਂ ਭਗਵੰਤ ਮਾਨ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਣ ਨਹੀਂ ਦਿੱਤਾ ਗਿਆ ਸੀ। ਨਾਗਰਾ ਨੇ ਦਿੱਲੀ ਮਾਡਲ ’ਤੇ ਹਮਲਾ ਕਰਦਿਆਂ ਕਿਹਾ ਕਿ ‘ਆਪ’ ਆਗੂ ਪੰਜਾਬ ਦੀ ਜੁਰਮ ਦਰ ਬਾਰੇ ਗੱਲ ਕਰਨ ਤੋਂ ਪਹਿਲਾਂ ਦਿੱਲੀ ਦੀ ਜੁਰਮ ਦਰ ਦੱਸਣ। ਪੰਜਾਬ ਦੇ ਲੋਕ ‘ਆਪ’ ਦੀ ਗੰਧਲੀ ਸਿਆਸਤ ਬਾਰੇ ਜੁਆਬ ਮੰਗਦੇ ਹਨ।