ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਜੂਨ
ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਅੱਜ ਸਿਹਤ ਖਰਾਬ ਹੋ ਗਈ। ਉਸ ਨੂੰ ਫੈਟੀ ਲਿਵਰ (ਜਿਗਰ ਵਿੱਚ ਮਾਸ ਵਧਣਾ) ਦੀ ਸਮੱਸਿਆ ਆਈ। ਉਹ ਪਹਿਲਾਂ ਤੋਂ ਹੀ ਪੈਰ ਵਿੱਚ ਖੂਨ ਦੀਆਂ ਗੰਢਾਂ (ਕਲੌਟਸ) ਬਣਨ ਦੀ ਬਿਮਾਰੀ ਤੋਂ ਵੀ ਪੀੜਤ ਹੈ। ਪਟਿਆਲਾ ਜੇਲ੍ਹ ਵਿਚਲੇ ਹਸਪਤਾਲ ’ਚ ਸੀਮਤ ਸਾਧਨ ਹੋਣ ਕਰਕੇ ਜੇਲ੍ਹ ਦੇ ਡਾਕਟਰਾਂ ਨੇ ਸਿੱਧੂ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਿਸ ਤਹਿਤ ਅੱਜ ਸਵੇਰੇ ਹੀ ਸਿੱਧੂ ਨੂੰ ਪੁਲੀਸ ਪੀਜੀਆਈ ਲੈ ਕੇ ਆਈ। ਉਨ੍ਹਾਂ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਡਾਕਟਰਾਂ ਨੇ ਟੈਸਟ ਖਾਤਰ ਖੂਨ ਦੇ ਸੈਂਪਲ ਲਏ ਸਨ ਪਰ ਦੇਰ ਸ਼ਾਮ ਤੱਕ ਰਿਪੋਰਟਾਂ ਆਉਣੀਆਂ ਬਾਕੀ ਸਨ ਜਿਸ ਕਰਕੇ ਉਨ੍ਹਾਂ ਨੂੰ ਦਾਖ਼ਲ ਕਰ ਲਿਆ ਗਿਆ।