ਚਰਨਜੀਤ ਭੁੱਲਰ
ਚੰਡੀਗੜ੍ਹ, 29 ਨਵੰਬਰ
ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਦਿੱਲੀ ਦੇ ‘ਸਿੱਖਿਆ ਮਾਡਲ’ ’ਤੇ ਸੁਆਲ ਚੁੱਕੇ ਜਾਣ ਮਗਰੋਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਦਿੱਲੀ ਦੇ ਸਿੱਖਿਆ ਪ੍ਰਬੰਧਾਂ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਅੱਜ ਟਵੀਟ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦਾ ਹਿਸਾਬ ਮੰਗਿਆ ਹੈ। ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਪੁੱਛਿਆ, ‘ਜੇਕਰ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ ਤਾਂ ਹਾਲੇ ਤੱਕ ਤੁਹਾਡੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਮੰਤਰੀ ਕਿਉਂ ਨਹੀਂ ਹੈ?’ ਸ੍ਰੀ ਸਿੱਧੂ ਨੇ ਪੁੱਛਿਆ, ‘ਤੁਹਾਡੇ ਵੱਲੋਂ 2015 ਦੇ ਚੋਣ ਮਨੋਰਥ ਪੱਤਰ ਵਿੱਚ ਜੋ ਅੱਠ ਲੱਖ ਨੌਕਰੀਆਂ ਅਤੇ 20 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਸੀ, ਉਹ ਨੌਕਰੀਆਂ ਤੇ ਕਾਲਜ ਕਿੱਥੇ ਹਨ? ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਅਸਫ਼ਲ ਗਾਰੰਟੀਆਂ ਦੇ ਬਾਵਜੂਦ ਬੀਤੇ ਪੰਜ ਵਰ੍ਹਿਆਂ ਦੌਰਾਨ ਦਿੱਲੀ ਵਿੱਚ ਬੇਰੁਜ਼ਗਾਰੀ ਦੀ ਦਰ ਲਗਪਗ 5 ਗੁਣਾ ਵਧੀ ਹੈ ਤੇ ਦਿੱਲੀ ਦੇ ਕਾਲਜਾਂ ਵਿੱਚ ਜ਼ਿਆਦਾਤਾਰ ਖਾਲੀ ਆਸਾਮੀਆਂ ਨੂੰ ਸਿਰਫ਼ ਗੈਸਟ ਫੈਕਲਟੀ ਰਾਹੀਂ ਭਰਿਆ ਜਾ ਰਿਹਾ ਹੈ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਕਾਨੂੰਨਾਂ ਨੂੰ ਰੱਦ ਕਰਨ ਦੀ ਲੜਾਈ ਵਿੱਚ ਕਿਸਾਨਾਂ ਨਾਲ ਤਨਦੇਹੀ ਨਾਲ ਖੜ੍ਹੀ ਹੈ।