ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਪਰੈਲ
ਸੂਬਾ ਸਰਕਾਰ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਚੱਲ ਰਹੀਆਂ ਦੂਰੀਆਂ ਦੇ ਮੱਦੇਨਜ਼ਰ ਅੱਜ ਉਨ੍ਹਾਂ ਦੀ ਪਤਨੀ ਨੇ ਪਟਿਆਲਾ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯੂਥ ਕਾਂਗਰਸੀ ਆਗੂ ਸ਼ੈਰੀ ਰਿਆੜ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਸਬੰਧੀ ਸ਼ੈਰੀ ਰਿਆੜ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਡਾ. ਸਿੱਧੂ ਨੂੰ ਆਲ ਇੰਡੀਆ ਜੱਟ ਮਹਾਂ ਸਭਾ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਦਰਸਾਇਆ ਗਿਆ ਹੈ।
ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਖੋਲ੍ਹਣ ਦਾ ਮੁੱਖ ਮਕਸਦ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਣਾ ਹੈ। ਮੰਡੀਆਂ ’ਚ ਬਾਰਦਾਨੇ ਅਤੇ ਪਾਸ ਦੀ ਤੋਟ ਕਾਰਨ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।
ਇਸ ਮੌਕੇ ਸ਼ੈਰੀ ਰਿਆੜ ਨੇ ਸਿੱਧੂ ਪਰਿਵਾਰ ਲਈ ਕੰਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਫ਼ਤਰ ਰਾਹੀਂ ਉਹ ਲੋਕਾਂ ਨਾਲ ਸਿੱਧਾ ਰਾਬਤਾ ਰੱਖਣਗੇ। ਇਹ ਦਫ਼ਤਰ ਕਾਂਗਰਸ ਦੇ ਅਣਗੌਲੇ ਵਰਕਰਾਂ ਦੀ ਆਵਾਜ਼ ਵੀ ਬੁਲੰਦ ਕਰੇਗਾ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਉਣ ਲਈ ਇਹ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਤਰਨਵੀਰ ਗਰੇਵਾਲ, ਹਰਜਿੰਦਰ ਸਿੰਘ ਦਫਤਰ ਇੰਚਾਰਜ, ਗੋਲਡੀ, ਨਰਿੰਦਰ ਕੌਰ ਕੰਗ, ਸੁਖਵਿੰਦਰ ਸਿੰਘ ਕੌਰ ਦਿਓਲ, ਰਜਿੰਦਰ ਕੌਰ ਭਿੰਡਰ, ਰਣਜੀਤ ਕੌਰ ਰਾਣੀ, ਮਹਿੰਦਰ ਐੱਮਸੀ, ਅਮਨ ਸਰਪੰਚ, ਮਲਕੀਤ ਗਾਂਧੀ, ਕਸ਼ਮੀਰ ਲਲੀਨਾ ਤੇ ਹੋਰ ਹਾਜ਼ਰ ਸਨ।