ਖੇਤਰੀ ਪ੍ਰਤੀਨਿਧ
ਪਟਿਆਲਾ, 28 ਮਈ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਦਸ ਦਿਨਾਂ ਬਾਅਦ ਅੱਜ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਖਿਆ ਕਿ ਨਵਜੋਤ ਸਿੱਧੂ ਤਾਂ ਪਹਿਲਾਂ ਹੀ ਅਦਾਲਤ ਦੇ ਫ਼ੈਸਲੇ ਨੂੰ ਸਿਰ ਮੱਥੇ ਪ੍ਰਵਾਨ ਕਰ ਚੁੱਕੇ ਹਨ ਕਿਉਂਕਿ ਉਹ ਨਿਆਂਪਾਲਕਾ ਦਾ ਸਨਮਾਨ ਕਰਦੇ ਹਨ। ਪਤੀ ਦੀ ਸਿਹਤ ਦਾ ਫਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਸਿੱਧੂ ਦੇ ਪੈਰ ’ਤੇ ਸੱਟ ਵੱਜਣ ਮਗਰੋਂ ਉਹ ਖੂਨ ਵਿੱਚ ਗੱਠ (ਕਲੌਟਸ) ਬਣਨ ਦੀ ਘਾਤਕ ਸਮੱਸਿਆ ਤੋਂ ਪ੍ਰੇਸ਼ਾਨ ਹਨ ਤੇ ਪਹਿਲਾਂ ਵੀ ਉਹ ਦੋ ਵਾਰ ਗੱਠ ਬਣਨ ਕਾਰਨ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇਲ੍ਹ ਵਿੱਚ ਵੀ ਇਹ ਸਮੱਸਿਆ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਪਤੀ ਦੀ ਗ਼ੈਰਮੌਜੂਦਗੀ ਵਿੱਚ ਉਨ੍ਹਾਂ ਵੱਲੋਂ ਵਿੱਢੀ ਪੰਜਾਬ ਪੱਖੀ ਮੁਹਿੰਮ ਦੀ ਕਮਾਨ ਸੰਭਾਲਣ ਦੀ ਵੀ ਗੱਲ ਆਖੀ।