ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਾਰਚ
ਰੂਸ-ਯੂਕਰੇਨ ਜੰਗ ਛਿੜਨ ਮਗਰੋਂ ਭਾਰਤ ਵਿਚ ਕੋਲੇ ਦੇ ਭਾਅ ਵਧਣ ’ਤੇ ਕੇਂਦਰ ਸਰਕਾਰ ਵੱਲੋਂ ਭੱਠਿਆਂ ’ਤੇ ਜੀਐੱਸਟੀ ਇੱੱਕ ਅਪਰੈਲ ਤੋਂ ਵਧਾ ਕੇ 5 ਤੋਂ 12 ਫੀਸਦੀ ਕਰਨ ਖ਼ਿਲਾਫ਼ ਦੇਸ਼ ਭਰ ਦੀਆਂ ਭੱਠਾ ਐਸੋਸੀਏਸ਼ਨਾਂ ਵੱਲੋਂ 8 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਧਰਨਾ ਦਿੱਤਾ ਜਾਵੇਗਾ ਜਿਸ ’ਚ ਪਟਿਆਲਾ ਭੱਠਾ ਐਸੋਸੀਏਸ਼ਨ ਵੀ ਸ਼ਮੂਲੀਅਤ ਕਰੇਗੀ। ਇਹ ਜਾਣਕਾਰੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਦੀ ਅਗਵਾਈ ਹੇਠ ‘ਪਟਿਆਲਾ ਜ਼ਿਲ੍ਹਾ ਭੱਠਾ ਐਸੋਸੀਏਸ਼ਨ’ ਦੀ ਅੱਜ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਮੀਟਿੰਗ ਦੌਰਾਨ ਸਮੂਹ ਭੱਠਾ ਮਾਲਕਾਂ ਨੇ 8 ਨੂੰ ਦਿੱਲੀ ਵਿਚਲੇ ਧਰਨੇ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਇਸ ਮੌਕੇ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਸਮੇਤ ਸਰਪ੍ਰਸਤ ਯਸ਼ਪਾਲ ਸਿੰਗਲਾ, ਚੇਅਰਮੈਨ ਡਾ. ਗੁਰਚਰਨ ਸਿੰਘ, ਤਰਸੇਮ ਲਾਲ ਗਰਗ ਸੀਨੀਅਰ ਮੀਤ ਪ੍ਰਧਾਨ, ਸਿਕੰਦਵੀਰ ਜਿੰਦਲ ਜਨਰਲ ਸਕੱਤਰ, ਗਗਨਇੰਦਰ ਸਿੰਘ ਜੁਆਇੰਟ ਸਕੱਤਰ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਭੱਠਾ ਐਸੋਸੀਏਸ਼ਨਾਂ ਦੀ ਭਲਾਈ ਲਈ ਵੱਧ ਰਹੇ ਰੇਟਾਂ ਨੂੰ ਕੰਟਰੋਲ ਕਰਕੇ ਰਾਹਤ ਦੇਣੀ ਚਾਹੀਦੀ ਹੈ ਤਾਂ ਜੋ ਭੱਠੇ ਚਲਾਉਣ ਵਾਲੇ ਤੇ ਇਨ੍ਹਾਂ ’ਤੇ ਕੰਮ ਕਰਨ ਵਾਲੇ ਕਾਰੀਗਰਾਂ ਦੀ ਰੋਜ਼ੀ ਰੋਟੀ ਚੱਲਦੀ ਰਹੇ।