ਸਰਬਜੀਤ ਗਿੱਲ
ਫਿਲੌਰ, 2 ਸਤੰਬਰ
ਗੁਰਾਇਆ ਅਤੇ ਫਿਲੌਰ ਵਿਚਾਕਰ ਜੀਟੀ ਰੋਡ ਦਾ ਗੰਦਾ ਪਾਣੀ ਧਰਤੀ ਹੇਠ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਇਹ ਮਾਰਗ ਛੇ ਲਾਈਨਾਂ ਦਾ ਬਣਿਆ ਸੀ, ਉਸ ਵੇਲੇ ਵੀ ਬਣੇ ਪੁਲਾਂ ਦੇ ਦੁਆਲੇ ਬੋਰ ਕੀਤੇ ਗਏ ਸਨ। ਇਹ ਬੋਰ ਕੁਝ ਅਰਸੇ ਬਾਅਦ ਬੰਦ ਹੋ ਗਏ ਪਰ ਹੁਣ ਫਿਰ ਤੋਂ ਨੈਸ਼ਨਲ ਹਾਈਵੇਅ ਨੇ ਮੁੱਖ ਸੜਕ ਅਤੇ ਸਲਿੱਪ ਰੋਡ ਦੇ ਵਿਚਕਾਰ ਬਣੇ ਗੰਦੇ ਨਾਲੇ ਦੇ ਵਿਚਕਾਰ ਹੀ ਬੋਰ ਕਰਨਾ ਆਰੰਭ ਕਰ ਦਿੱਤਾ ਹੈ। ਹਾਲਾਂਕਿ ਇਸ ਕੰਮ ਦੀ ਦੇਖ-ਰੇਖ ਕਰ ਰਹੇ ਅਧਿਕਾਰੀ ਨੇ ਫੋਨ ’ਤੇ ਦੱਸਿਆ ਕਿ ਇਹ ਫਿਲਟਰ ਬੋਰ ਹੋਵੇਗਾ, ਜਿਸ ਰਾਹੀਂ ਗੰਦਾ ਪਾਣੀ ਧਰਤੀ ਹੇਠ ਭੇਜਿਆ ਜਾਵੇਗਾ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਰੇਨ ਹਾਰਵੈਸਟਿੰਗ ਦੇ ਨਾਂ ’ਤੇ ਸੜਕ ਦਾ ਪਾਣੀ ਧਰਤੀ ਹੇਠ ਲਿਜਾਇਆ ਹੀ ਨਹੀਂ ਜਾ ਸਕਦਾ ਭਾਵੇਂ ਕਿ ਇਸ ਨੂੰ ਕਿੰਨਾ ਵੀ ਸਾਫ਼ ਕਰ ਲਿਆ ਜਾਵੇ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਆਪਣੇ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕਰਨਗੇ।
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਦੇ ਐਕਸੀਅਨ ਸੁਖਦੇਵ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੜਕ ਦਾ ਪਾਣੀ ਕਿਸੇ ਵੀ ਕੀਮਤ ’ਤੇ ਧਰਤੀ ਹੇਠ ਬੋਰ ਕਰਕੇ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਸਪਸ਼ਟ ਕੀਤਾ ਕਿ ਸਿਰਫ ਛੱਤ ਦਾ ਪਾਣੀ ਵੀ ਠੀਕ ਢੰਗ ਦਾ ਪ੍ਰਾਜੈਕਟ ਲਗਾ ਕੇ ਹੀ ਧਰਤੀ ’ਚ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਐੱਸਡੀਓ ਰਾਹੀਂ ਤੁਰੰਤ ਇਸ ਦੀ ਜਾਣਕਾਰੀ ਪ੍ਰਾਪਤ ਕਰਕੇ ਕਾਰਵਾਈ ਕਰਨਗੇ।