ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਸਤੰਬਰ
ਨਰਮੇ ਦਾ ਮੁਆਵਜ਼ਾ ਲੈਣ ਲਈ ਕਿਸਾਨ ਤੇ ਖੇਤ ਮਜ਼ਦੂਰ ਪਿਛਲੇ ਦਸ ਦਿਨਾਂ ਇੱਥੇ ਡੀਸੀ ਦਫ਼ਤਰ ਅੱਗੇ ਧਰਨਾ ਦੇ ਰਹੇ ਹਨ। ਉਹ ਘਰ ਬਾਰ ਛੱਡ ਕੇ ਆਪਣੇ ਬੱਚਿਆਂ ਨੂੰ ਇਥੇ ਲੈ ਆਏ ਹਨ ਅਤੇ ਉਨ੍ਹਾਂ ਨੂੰ ਖੁਦ ਪੜ੍ਹਾ ਰਹੇ ਹਨ। ਇੱਥੋਂ 70 ਕਿਲੋਮੀਟਰ ਦੂਰ ਪਿੰਡ ਸਿੰਘੇ ਵਾਲਾ ਦੇ 67 ਸਾਲਾ ਕਿੱਕਰ ਸਿੰਘ ਤੇ ਵਿਜੈ ਕੁਮਾਰ ਪਿਛਲੇ ਦਸ ਦਿਨਾਂ ਤੋਂ ਘਰ-ਬਾਰ ਛੱਡ ਕੇ ਦਿਨ-ਰਾਤ ਇੱਥੇ ਰਹਿ ਰਹੇ ਹਨ।
ਮੁਆਵਜ਼ੇ ਖਾਤਰ ਉਨ੍ਹਾਂ ਆਪਣੇ ਬੱਚੇ ਤੇ ਕਾਰੋਬਾਰ ਵੀ ਛੱਡ ਦਿੱਤਾ ਹੈ| ਉਹ ਸਵੇਰੇ ਉੱਠ ਕੇ ਪੰਡਾਲ ਦੀ ਸਫਾਈ ਤੇ ਲੰਗਰ ਤਿਆਰ ਕਰਦੇ ਹਨ। ਫਿਰ ਸਾਰਾ ਦਿਨ ਧਰਨੇ ਵਿੱਚ ਨਾਅਰੇਬਾਜ਼ੀ ਕਰਦੇ ਹਨ| ਕੋਠੇ ਅਮਨਗੜ੍ਹ ਦਾ ਅਜੈਬ ਸਿੰਘ ਧਰਨੇ ਵਿੱਚ ਚੱਲ ਰਹੇ ਲੰਗਰ ਲਈ ਸਬਜ਼ੀ ਦਾ ਪ੍ਰਬੰਧ ਕਰਦਾ ਹੈ। ਪਿੰਡ ਸੰਗੂਧੋਨ ਦਾ 60 ਸਾਲਾ ਗੁਰਦੇਵ ਸਿੰਘ ਤੇ ਜਸਵਿੰਦਰ ਸਿੰਘ ਵੀ ਧਰਨਾ ਛੱਡ ਕੇ ਕਿਤੇ ਨਹੀਂ ਜਾਂਦਾ| ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ, ਪੁੱਤਰ ਯੁੱਧਵੀਰ ਸਿੰਘ ਤੇ ਧੀ ਇੰਦਰਵੀਰ ਕੌਰ ਵੀ ਧਰਨੇ ’ਚ ਡਟੇ ਹੋਏ ਹਨ। ਸੁਖਪ੍ਰੀਤ ਕੌਰ ਤਾਂ ਆਪਣੇ ਬੱਚਿਆਂ ਨੂੰ ਇੱਥੇ ਖੁਦ ਪੜ੍ਹਾਈ ਵੀ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਪ੍ਰਸ਼ਾਸਨ ਨੇ ਜਿਹੜੇ ਆਰਜ਼ੀ ਪਖਾਨੇ ਦਾ ਪ੍ਰਬੰਧ ਕੀਤਾ ਹੈ, ਉਸ ਵਿੱਚੋਂ ਬਦਬੂ ਆਉਣ ਕਾਰਨ ਕੋਲੋਂ ਲੰਘਣਾ ਵੀ ਔਖਾ ਹੈ| ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰਸ਼ਾਸਨ ਧਰਨਾਕਾਰੀਆਂ ਦਾ ਮਨੋਬਲ ਤੋੜਨਾ ਚਾਹੁੰਦਾ ਹੈ|
ਕਿਸਾਨ ਦੀ ਆਤਮਹੱਤਿਆ ਤੋਂ ਬਾਅਦ ਵੀ ਨਾ ਹੋਏ ਢੁਕਵੇਂ ਪ੍ਰਬੰਧ
ਇਥੇ ਧਰਨੇ ਵਿੱਚ 29 ਅਗਸਤ ਨੂੰ ਪਿੰਡ ਰਾਏ ਕੇ ਕਲਾਂ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ। ਇਸ ਮਗਰੋਂ ਸਿਹਤ ਪ੍ਰਬੰਧਾਂ ਲਈ ਵਫ਼ਦ ਡੀਸੀ ਨੂੰ ਮਿਲਿਆ ਸੀ। ਧਰਨੇ ਵਿੱਚ ਅਜੇ ਇਸ ਸਬੰਧੀ ਕੋਈ ਪ੍ਰਬੰਧ ਨਹੀਂ ਹੋਏ, ਜਿਸ ਕਰਕੇ ਧਰਨਾਕਾਰੀਆਂ ਵਿੱਚ ਰੋਸ ਹੈ।
ਢੁੱਕਵੇਂ ਪ੍ਰਬੰਧਾਂ ਲਈ ਆਦੇਸ਼ ਜਾਰੀ ਕਰਾਂਗੇ: ਡੀਸੀ
ਸਿਹਤ, ਪਾਣੀ ਅਤੇ ਆਰਜ਼ੀ ਪਖਾਨੇ ਦੀ ਸਹੂਲਤ ਜਾਰੀ ਨਾ ਕਰਨ ਸਬੰਧੀ ਪੁੱਛੇ ਜਾਣ ’ਤੇ ਡੀਸੀ ਵਿਨੀਤ ਕੁਮਾਰ ਨੇ ਦੱਸਿਆ ਕਿ ਉਹ ਸਬੰਧਤ ਵਿਭਾਗਾਂ ਨੂੰ ਤੁਰੰਤ ਢੁਕਵੇਂ ਪ੍ਰਬੰਧਾਂ ਲਈ ਦੁਬਾਰਾ ਨਿਰਦੇਸ਼ ਜਾਰੀ ਕਰਨਗੇ।