ਚੰਡੀਗੜ੍ਹ (ਟਨਸ): ਸੀਨੀਅਰ ਪੱਤਰਕਾਰ ਨਰੇਸ਼ ਕੌਸ਼ਲ ਨੇ ਅੱਜ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਵਜੋਂ ਅਹੁਦਾ ਸੰਭਾਲ ਲਿਆ ਹੈ। ਅਖ਼ਬਾਰ ਦੇ ਸੰਪਾਦਕ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਸ੍ਰੀ ਕੌਸ਼ਲ ਨੇ 1979 ਵਿਚ ‘ਦੈਨਿਕ ਟ੍ਰਿਬਿਊਨ’ ਵਿਚ ਉਪ ਸੰਪਾਦਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਡੈਸਕ ਤੇ ਫੀਲਡ ਵਿਚ ਵੱਖ-ਵੱਖ ਸਮਰੱਥਾ ਵਿਚ ਅਤੇ ਕਈ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ। ਉਹ ਅਦਾਰੇ ਵਿਚ ਰਿਪੋਰਟਰ, ਖ਼ਬਰ ਸੰਪਾਦਕ ਤੇ ਸਹਾਇਕ ਸੰਪਾਦਕ ਵਜੋਂ ਕਾਰਜਸ਼ੀਲ ਰਹੇ। ਸੰਨ 2004-2012 ਤੱਕ ਉਹ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਰਹੇ। ਮੀਡੀਆ ਖੇਤਰ ਵਿਚ ਲੰਮਾ ਤਜਰਬਾ ਰੱਖਦੇ ਨਰੇਸ਼ ਕੌਸ਼ਲ ਲਾਈਵ ਟੀਵੀ ਵਿਚਾਰ-ਚਰਚਾ ਵਿਚ ਵੀ ਹਿੱਸਾ ਲੈਂਦੇ ਰਹੇ ਹਨ ਤੇ ਕਈ ਸੰਗਠਨਾਂ ਨਾਲ ਸਲਾਹਕਾਰ ਵਜੋਂ ਵੀ ਜੁੜੇ ਰਹੇ ਹਨ। ਸਿਆਸੀ ਤੇ ਸਮਾਜਿਕ ਵਿਸ਼ਿਆਂ ਨਾਲ ਜੁੜੀਆਂ ਖ਼ਬਰ ਦੀ ਸਮੀਖ਼ਿਆ ’ਤੇ ਚੰਗੀ ਪਕੜ ਰੱਖਦੇ ਸ੍ਰੀ ਕੌਸ਼ਲ ਨਿਯਮਿਤ ਤੌਰ ’ਤੇ ਫੀਚਰ ਵੀ ਲਿਖਦੇ ਰਹੇ ਹਨ।