ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਮਾਰਚ
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਵਿਜੈਇੰਦਰ ਸਿੰਗਲਾ ਅਤੇ ਭਾਜਪਾ ਦੇ ਅਰਵਿੰਦ ਖੰਨਾ ਵਰਗੇ ਵੱਡੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ ਹੈ। ਨਰਿੰਦਰ ਕੌਰ ਭਰਾਜ ਨੂੰ 74,851 ਵੋਟਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ 38,421 ਅਤੇ ਅਰਵਿੰਦ ਖੰਨਾ ਨੂੰ 13,766 ਵੋਟਾਂ ਅਤੇ ਅਕਾਲੀ-ਬਸਪਾ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੂੰ 10,488 ਵੋਟਾਂ ਹੀ ਮਿਲੀਆਂ ਹਨ।
ਇਸ ਤਰ੍ਹਾਂ ਨਰਿੰਦਰ ਕੌਰ ਭਰਾਜ ਨੇ ਇਹ ਚੋਣ 36430 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਨਰਿੰਦਰ ਕੌਰ ਪਿੰਡ ਭਰਾਜ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਦੀ ਇਕਲੌਤੀ ਧੀ ਹੈ, ਜੋ ਕਿ 27 ਸਾਲ ਦੀ ਛੋਟੀ ਉਮਰ ਵਿੱਚ ਪਲੇਠੀ ਚੋਣ ਜਿੱਤ ਕੇ ਵਿਧਾਇਕ ਬਣੀ ਹੈ ਅਤੇ ਵੱਡੇ ਸਿਆਸੀ ਉਮੀਦਵਾਰਾਂ ਨੂੰ ਹਰਾਉਣ ਵਿੱਚ ਸਫ਼ਲ ਹੋਈ ਹੈ।
ਭਰਾਜ ਉਸ ਵੇਲੇ ਚਰਚਾ ਵਿੱਚ ਆਈ ਸੀ, ਜਦੋਂ ਸੰਨ 2014 ਵਿੱਚ ਭਗਵੰਤ ਮਾਨ ਦੀ ਲੋਕ ਸਭਾ ਚੋਣ ਮੌਕੇ ਉਸ ਨੇ ਇਕੱਲਿਆਂ ਪਿੰਡ ਭਰਾਜ ਵਿੱਚ ਭਗਵੰਤ ਮਾਨ ਦਾ ਪੋਲਿੰਗ ਬੂਥ ਲਗਾਇਆ ਸੀ ਅਤੇ ਸਭ ਤੋਂ ਛੋਟੀ ਉਮਰ ਦੀ ਪੋਲਿੰਗ ਏਜੰਟ ਬਣੀ ਸੀ। ਨਰਿੰਦਰ ਕੌਰ ਭਰਾਜ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸੀ। ਉਹ ਪਾਰਟੀ ਦੇ ਬੁਲਾਰੇ ਅਤੇ ਯੂਥ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ।